ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 22 ਦਸੰਬਰ
ਬੀਤੇ ਦਿਨੀ ਪਿੰਡ ਝੰਡੇਰ ਮਹਾਂਪੁਰਖਾਂ ਦੇ ਕਾਂਗਰਸੀ ਸਰਪੰਚ ਗੁਰਪ੍ਰੀਤ ਸਿੰਘ ਗੋਪੀ ’ਤੇ ਹੋਏ ਜਾਨਲੇਵਾ ਹਮਲੇ ਵਿੱਚ ਨਵਾਂ ਮੋੜ ਆਇਆ ਹੈ, ਜਿਸ ਦੇ ਚੱਲਦਿਆ ਪੁਲੀਸ ਨੇ ਜਾਂਚ ਉਪਰੰਤ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਦੂਜੀ ਧਿਰ ਦੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਂਗਰਸੀ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਖਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਸਮੇਤ 6 ਦੇ ਕਰੀਬ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਹਰਪ੍ਰੀਤ ਸਿੰਘ ਵਾਸੀ ਝੰਡੇਰ ਮਹਾਂਪੁਰਖਾਂ ਨੇ ਦੱਸਿਆ ਕਿ 20 ਦਸੰਬਰ ਨੂੰ ਉਹ ਆਪਣੇ ਸਾਥੀਆ ਸਮੇਤ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸਨ ਜਿਸ ਦੌਰਾਨ ਪੇਂਟ ਫੈਕਟਰੀ ਦੇ ਕੋਲ ਗੁਰਪ੍ਰੀਤ ਸਿੰਘ ਆਪਣੇ ਸਾਥੀਆ ਸਮੇਤ ਹਥਿਆਰ ਲੈਕੇ ਖੜ੍ਹਾ ਸੀ ਜਿੰਨ੍ਹਾ ਵੱਲੋਂ ਉਸ ਦਾ ਮੋਟਰਸਾਈਕਲ ਸੁੱਟ ਦਿੱਤਾ ਗਿਆ ਅਤੇ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਉਸ ਉੱਤੇ ਪਿਸਤੌਲ ਨਾਲ ਫਾਈਰ ਕੀਤਾ ਗਿਆ ਜੋ ਉਸ ਦੀ ਗਰਦਨ ਅਤੇ ਮੋਢੇ ਵਿੱਚ ਲੱਗਾ ਅਤੇ ਉਸ ਦੇ ਸਾਥੀ ਸਿਮਰਜੀਤ ਸਿੰਘ ਦੇ ਪੇਟ ਵਿੱਚ ਗੋਲੀ ਲੱਗੀ, ਇਸ ਦੌਰਾਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨ ਦੇ ਅਧਾਰ ’ਤੇ ਗੁਰਪ੍ਰੀਤ ਸਿੰਘ ਗੋਪੀ, ਪ੍ਰਭਜੀਤ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਅਤੇ ਇੰਦਰਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।