ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਫਰਵਰੀ
ਜ਼ਿਲ੍ਹਾ ਜਲੰਧਰ ਵਿਚ 9 ਵਿਧਾਨ ਸਭਾ ਹਲਕਿਆਂ ’ਚ ਹੁਣ 94 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਇਨ੍ਹਾਂ ਹਲਕਿਆਂ ਲਈ 170 ਨਾਮਜ਼ਦਗੀਆਂ ਹੋਈਆਂ ਸਨ। ਇਨ੍ਹਾਂ ’ਚੋਂ 63 ਜਣਿਆਂ ਦੇ ਕਾਗਜ਼ ਰੱਦ ਹੋ ਗਏ ਤੇ 13 ਜਣਿਆਂ ਨੇ ਕਾਗਜ਼ ਵਾਪਸ ਲੈ ਲਏ ਹਨ। ਕਾਗਜ਼ ਵਾਪਸ ਲੈਣ ਵਾਲਿਆਂ ਵਿਚ ਸਾਬਕਾ ਮੰਤਰੀ ਤੇ ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਸਰਵਣ ਸਿੰਘ ਫਿਲੌਰ ਵੀ ਸ਼ਾਮਲ ਹਨ। ਇਸੇ ਤਰ੍ਹਾਂ ਕਾਂਗਰਸ ਦੇ ਬਾਗੀ ਉਮੀਦਵਾਰ ਸਤਨਾਮ ਸਿੰਘ ਬਿੱਟਾ ਨੇ ਵੀ ਕਾਗਜ਼ ਵਾਪਸ ਲੈ ਲਏ ਹਨ ਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜਲੰਧਰ ਪੱਛਮੀ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਅਜੇ ਭਗਤ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਕਾਗਜ਼ ਜਾਣ ਬੁੱਝ ਕੇ ਰੱਦ ਕੀਤੇ ਗਏ ਹਨ।
ਅਜਨਾਲਾ (ਪੱਤਰ ਪ੍ਰੇਰਕ): ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁੱਲ 10 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਸਨ। ਇਨ੍ਹਾਂ ਦੀ ਪੜਤਾਲ ਕਰਨ ’ਤੇ ਸਾਰੇ ਸਹੀ ਪਾਏ ਗਏ। ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਦਿਨ ਚਾਰ ਕਵਰਿੰਗ ਉਮੀਦਵਾਰਾਂ ਅਤੇ ਦੋ ਹੋਰ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਚੋਣ ਮੈਦਾਨ ਵਿੱਚ ਹੁਣ 10 ਉਮੀਦਵਾਰ ਰਹਿ ਗਏ ਹਨ। ਇਨ੍ਹਾਂ ’ਚ ਕਾਂਗਰਸ ਪਾਰਟੀ ਦੇ ਹਰਪ੍ਰਤਾਪ ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਦੇ ਅਮਰਪਾਲ ਸਿੰਘ ਬੋਨੀ ਅਜਨਾਲਾ, ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕ ਸਿੰਘ, ਪੰਜਾਬ ਲੋਕ ਕਾਂਗਰਸ ਦੇ ਸੁਰਜੀਤ ਸਿੰਘ, ਸੰਯੁਕਤ ਸੰਘਰਸ਼ ਪਾਰਟੀ ਦੇ ਚਰਨਜੀਤ ਸਿੰਘ, ਅਮਿਤ ਮੋਹਨ ਆਜ਼ਾਦ, ਸੋਨਾ ਮਸੀਹ ਜਾਫ਼ਰ ਆਜ਼ਾਦ, ਹਰਪ੍ਰਤਾਪ ਸਿੰਘ ਆਜ਼ਾਦ, ਕਰਨਜੀਤ ਸਿੰਘ ਆਜ਼ਾਦ ਚੋਣ ਲੜਨਗੇ।
ਸ਼ਾਹਕੋਟ (ਪੱਤਰ ਪ੍ਰੇਰਕ): ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਕਵਰਿੰਗ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ 11 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਲਾਲ ਵਿਸ਼ਵਾਸ ਨੇ ਦੱਸਿਆ ਕਿ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਗਿਣਤੀ ਹੋਵੇਗੀ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਹੋਈਆਂ ਨਾਮਜ਼ਦਗੀਆਂ ਵਿੱਚ ਕੁੱਲ 14 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ। ਇਨ੍ਹਾਂ ਵਿੱਚੋਂ 4 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਤੇ 3 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ। ਹੁਣ ਕੁੱਲ 7 ਉਮੀਦਵਾਰ ਬਲਾਚੌਰ ਹਲਕੇ ਤੋਂ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਤਰਨ ਤਾਰਨ ਦੇ ਚਾਰ ਹਲਕਿਆਂ ਲਈ 46 ਉਮੀਦਵਾਰ ਮੈਦਾਨ ਵਿੱਚ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਪਿੱਛੋਂ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ 46 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਅਨੁਸਾਰ ਵਿਧਾਨ ਸਭਾ ਤਰਨ ਤਾਰਨ ਲਈ 12 ਉਮੀਦਵਾਰ, ਖੇਮਕਰਨ ਲਈ 14, ਪੱਟੀ ਲਈ 12 ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲਈ 8 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਖੇਮਕਰਨ ਵਿੱਚ ਹਰਪਵਿੱਤ ਸਿੰਘ ਗਿੱਲ, ਪਾਇਲ ਅਤੇ ਨਿਸ਼ਾਨ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਤਵਲੀਨ ਸਹੋਤਾ ਅਤੇ ਪਾਲ ਸਿੰਘ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਹਲਕਾ ਤਰਨ ਤਾਰਨ ਅਤੇ ਪੱਟੀ ਵਿੱਚ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਹਨ।