ਪਾਲ ਸਿੰਘ ਨੌਲੀ
ਜਲੰਧਰ, 10 ਨਵੰਬਰ
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਡੇਂਗੂ ਦੇ ਮਰੀਜ਼ਾਂ ਦਾ ਹਾਲਚਾਲ ਪੁੱਛਣ ਲਈ ਸਿਵਲ ਹਸਪਤਾਲ ਆਏ। ਚੌਧਰੀ ਸੰਤੋਖ ਸਿੰਘ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਡੇਂਗੂ ਵਾਰਡ ਵਿਚ ਸਿਰਫ਼ ਇਕ ਮਰੀਜ਼ ਹੀ ਦਾਖ਼ਲ ਸੀ। ਲੰਘੀ ਰਾਤ ਡੇਂਗੂ ਵਾਰਡ ਬਿਲਕੁਲ ਹੀ ਖਾਲੀ ਹੋ ਗਿਆ ਸੀ।
ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੂਜੇ ਸਰਕਾਰੀ ਹਸਪਤਾਲਾਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਤੋਂ ਲਿਆਂਦੇ ਸਟਾਫ ਕੋਲੋਂ ਵੀ ਕੰਮ ਸੰਭਾਲਿਆ ਨਹੀਂ ਜਾ ਰਿਹਾ। ਜ਼ਿਲ੍ਹੇ ਵਿਚ ਡੇਂਗੂ ਮਰੀਜ਼ਾਂ ਦੀ ਗਿਣਤੀ 450 ਤੋਂ ਟੱਪ ਗਈ ਹੈ। ਸਟਾਫ ਨਰਸਾਂ ਦੀ ਹੜਤਾਲ ਕਾਰਨ ਹਸਪਤਾਲ ਦੇ ਬਹੁਤੇ ਵਾਰਡ ਲਗਭਗ ਖਾਲੀ ਹੋ ਗਏ ਹਨ।
ਇਸ ਮੌਕੇ ਸੰਸਦ ਮੈਂਬਰ ਨੇ ਐੱਸਐੱਮਓ ਡਾਕਟਰ ਗੁਰਮੀਤ ਲਾਲ, ਡਾ. ਕਾਮਰਾਜ, ਡਾ. ਭੁਪਿੰਦਰ ਅਤੇ ਡਾ. ਅਭਿਸ਼ੇਕ ਸੱਚਰ ਨਾਲ ਸਮੀਖਿਆ ਮੀਟਿੰਗ ਕਰਦਿਆਂ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਉਪਲਬਧ ਇਲਾਜ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ।
ਲੋਕ ਸਭਾ ਮੈਂਬਰ ਦੇ ਭਰੋਸੇ ’ਤੇ ਵੀ ਨਾ ਕੀਤਾ ਯਕੀਨ
ਜਲੰਧਰ: ਸਟਾਫ ਨਰਸਾਂ ਨੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਵਾਉਣ ਦੇ ਦਿੱਤੇ ਭਰੋਸੇ ’ਤੇ ਵੀ ਯਕੀਨ ਨਹੀਂ ਕੀਤਾ। ਸਟਾਫ ਨਰਸਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਖ਼ਤਮ ਨਹੀਂ ਕੀਤੀ ਜਾਵੇਗੀ। ਪਹਿਲਾਂ ਵੀ ਦੋ ਵਾਰ ਉਨ੍ਹਾਂ ਨਾਲ ਇਸੇ ਤਰ੍ਹਾਂ ਦਾ ਧੋਖਾ ਹੋ ਚੁੱਕਾ ਹੈ। ਪੰਜਾਬ ਗੌਰਮਿੰਟ ਨਰਸਿਜ਼ ਐਸੋਸੀਏਸ਼ਨ ਦੀ ਜਨਰਲ ਸੈਕਟਰੀ ਸਟਾਫ ਨਰਸ ਪਲਵਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਸਟਾਫ ਨਰਸਾਂ ਧਰਨੇ ’ਤੇ ਸਨ ਤਾਂ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਭਰੋਸਾ ਦਿਵਾ ਕੇ ਧਰਨੇ ਤੋਂ ਉਠਾ ਦਿੱਤਾ ਸੀ, ਉਦੋਂ ਨਾ ਗੱਲਬਾਤ ਹੋਈ ਤੇ ਨਾ ਹੀ ਮੰਗਾਂ ਮੰਨੀਆਂ ਗਈਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ।
ਪਠਾਨਕੋਟ (ਐਨਪੀ ਧਵਨ): ਨਰਸਿੰਗ ਸਟਾਫ ਵੱਲੋਂ ਅੱਜ ਤੀਜੇ ਦਿਨ ਲਗਾਤਾਰ ਹੜਤਾਲ ’ਤੇ ਰਹਿਣ ਕਾਰਨ ਸਿਵਲ ਹਸਪਤਾਲ ਦੇ ਵਾਰਡਾਂ ਐਮਰਜੈਂਸੀ, ਕੋਵਿਡ, ਆਰਥੋ ਅਪਰੇਸ਼ਨ, ਅਪਰੇਸ਼ਨ ਥੀਏਟਰ ਅਤੇ ਹੋਰ ਵਿਭਾਗਾਂ ਵਿੱਚ ਮਰੀਜ਼ ਪ੍ਰੇਸ਼ਾਨ ਰਹੇ। ਮੇਲ ਵਾਰਡ, ਫੀਮੇਲ ਵਾਰਡ ਵਿੱਚ ਭਰਤੀ ਮਰੀਜ਼ਾਂ ਦੀਆਂ ਪੱਟੀਆਂ ਵਗੈਰਾ ਤੋਂ ਲੈ ਕੇ ਕੋਈ ਕੰਮ ਨਹੀਂ ਹੋਇਆ। ਇਸ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨਰਸਿੰਗ ਸਟਾਫ ਨੇ ਚੇਅਰਮੈਨ ਸੁਸ਼ਮਾ ਸ਼ਰਮਾ ਅਤੇ ਪ੍ਰਧਾਨ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਐਸਐਮਓ ਡਾ. ਰਕੇਸ਼ ਸਰਪਾਲ ਨੇ ਕਿਹਾ ਕਿ ਨਰਸਿੰਗ ਐਸੋਸੀਏਸ਼ਨ ਦਾ ਮੰਗ ਪੱਤਰ ਸਿਵਲ ਸਰਜਨ ਨੂੰ ਭੇਜ ਦਿੱਤਾ ਗਿਆ ਹੈ। ਉਚ ਅਧਿਕਾਰੀਆਂ ਨੂੰ ਇਸ ਬਾਬਤ ਜਾਣੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾ ਸਟਾਫ ਦੇ ਹਸਪਤਾਲ ਚਲਾਉਣਾ ਮੁਸ਼ਕਲ ਹੈ। ਅਣਮਿਥੇ ਸਮੇਂ ਦੀ ਹੜਤਾਲ ਕਾਰਨ ਮਰੀਜ਼ ਖੱਲਜ ਹੁੰਦੇ ਰਹਿਣਗੇ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਛੇਵੇਂ ਪੇਅ ਕਮਿਸ਼ਨ ਵਿੱਚ ਸੋਧ ਕਰਨ, ਗ੍ਰੇਡ ਪੇਅ ਘੱਟ ਨਾ ਕਰਨ ਅਤੇ ਅਹੁਦੇ ਦਾ ਨਾਂ ਬਦਲਣ ਆਦਿ ਮੰਗਾਂ ਨੂੰ ਲੈ ਕੇ ਸੀਐੱਮਸੀ ਕਾਲਾ ਬੱਕਰਾ ਵਿੱਚ ਸਟਾਫ ਨਰਸਾਂ ਨੇ ਧਰਨਾ ਦੇ ਕੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸਿਵਲ ਹਸਪਤਾਲ ਫਤਿਹਗੜ੍ਹ ਚੂੜੀਆਂ ਦੇ ਨਰਸਿੰਗ ਸਟਾਫ ਨੇ ਮੰਗਾਂ ਨਾ ਮੰਨੀਆਂ ਜਾਣ ਕਾਰਨ ਦੋ ਦਿਨਾਂ ਦੀ ਹੜਤਾਲ ਮਗਰੋਂ ਅੱਜ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਨਰਸਿੰਗ ਆਗੂ ਸੁਖਬੀਰ ਕੌਰ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੇਗੀ, ਉਦੋਂ ਤੱਕ ਹੜਤਾਲ ’ਤੇ ਰਹਿਣਗੀਆਂ।