ਗੁਰਬਖਸ਼ਪੁਰੀ
ਤਰਨ ਤਾਰਨ, 28 ਅਗਸਤ
ਇਲਾਕੇ ਦੇ ਪਿੰਡ ਗੋਪਾਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਬਾਰੇ ਪੁਲੀਸ ਵਲੋਂ ਕਾਰਵਾਈ ਨਾ ਕਰਨ ਤੋਂ ਡਾਢੇ ਪਰੇਸ਼ਾਨ ਪਿੰਡ ਵਾਸੀਆਂ ਨੇ ਖ਼ੁਦ ਹੀ ਹਿੰਮਤ ਦਿਖਾਈ| ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦਾ ਨੁਕਸਾਨ ਕਰਵਾਉਣ ਬਾਅਦ ਪਿੰਡ ਵਾਸੀਆਂ ਸਰਪੰਚ ਬਲਵੰਤ ਸਿੰਘ ਗੋਪਾਲਾ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਵਿੱਚ ਲੋਕਾਂ ਨੇ ਰਾਤ ਨੂੰ ਪਹਿਰਾ ਦੇਣ ਦਾ ਨਿਰਣਾ ਲਿਆ ਜਿਸ ਤਹਿਤ ਛੇਤੀ ਹੀ ਲੋਕਾਂ ਨੇ ਚਾਰ-ਮੈਂਬਰੀ ਗਰੋਹ ਦਾ ਪਰਦਾ ਫਾਸ਼ ਕਰ ਦਿੱਤਾ| ਲੋਕਾਂ ਨੇ ਦੋ ਚੋਰਾਂ ਨੂੰ ਤਾਂ ਕਾਬੂ ਵੀ ਕਰ ਲਿਆ ਅਤੇ ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ| ਕਾਬੂ ਕੀਤੇ ਚੋਰਾਂ ਦੀ ਪਛਾਣ ਕੁਹਾੜਕਾ ਵਾਸੀ ਰਣਜੀਤ ਸਿੰਘ ਅਤੇ ਵੇਗੇਪੁਰ ਦੇ ਵਾਸੀ ਗਗਨਦੀਪ ਸਿੰਘ ਵਜੋਂ ਹੋਈ ਹੈ|
ਕੋਹਾੜਕਾ ਦੇ ਹੀ ਵਾਸੀ ਜਗਰੂਪ ਸਿੰਘ ਜੂਪਾ ਅਤੇ ਗੀਤਾ ਫ਼ਰਾਰ ਹੋ ਗਏ ਹਨ| ਸਰਪੰਚ ਬਲਵੰਤ ਸਿੰਘ ਗੋਪਾਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਿੰਡ ਦੇ ਗੁਰਦਵਾਰਾ ਤੋਂ ਪੱਠੇ ਕੁਤਰਨ ਵਾਲੀ ਪੰਜ ਹਾਰਸ ਪਾਵਰ ਦੀ ਮੋਟਰ, ਸਾਬਕ ਸਰਪੰਚ ਨਿਸ਼ਾਨ ਸਿੰਘ ਦੇ ਘਰੋਂ ਗੈਸੀ ਚੁੱਲ੍ਹਾ ਤੇ ਗੈਸ ਸਿਲੰਡਰ, ਕਰਨੈਲ ਸਿੰਘ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ, ਕਈ ਹੋਰਨਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੀਆਂ ਕੇਬਲ ਤਾਰਾਂ ਅਤੇ ਬੰਬੀਆਂ ਦੇ ਸਟਾਰਟਰ ਚੋਰੀ ਕੀਤੇ ਹਨ| ਪੁਲੀਸ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਧਾਰਾ 379, 380, 457 ਇਕ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿਥੇ ਅਦਾਲਤ ਨੇ ਦੋ ਦਿਨ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ|ਪੁੀਲਸ ਬਾਕੀ ਦੇ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।
ਘਰ ’ਤੇ ਹਮਲਾ ਕਰਕੇ ਔਰਤ ਜ਼ਖ਼ਮੀ ਕੀਤੀ
ਫਗਵਾੜਾ(ਪੱਤਰ ਪ੍ਰੇਰਕ): ਅੱਜ ਰਾਤ ਇੱਥੇ ਖਲਵਾੜਾ ਪਿੰਡ ਵਿੱਖੇ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਘਰ ’ਤੇ ਹਮਲਾ ਕਰਕੇ ਇੱਕ ਮਹਿਲਾ ਨੂੰ ਜਖ਼ਮੀ ਕਰ ਦਿੱਤਾ ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਮਹਿਲਾ ਦੀ ਪਛਾਣ ਬਚਨੀ ਪਤਨੀ ਕਿਸ਼ਨ ਚੰਦ ਵਾਸੀ ਪਿੰਡ ਖਲਵਾੜਾ ਵਜੋਂ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਖਮੀ ਮਹਿਲਾ ਦੀ ਨੂੰਹ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਅੱਜ ਆਪਣੇ ਘਰ ਨੂੰ ਮੌਜੂਦ ਸੀ ਤਾਂ ਉਸ ਦੀ ਸੱਸ ਬਚਨੀ ਜੋ ਕਿ ਘਰ ਦੇ ਬਾਹਰ ਬੈਠੀ ਸੀ ਤਾਂ ਕਰੀਬ 8.15 ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਏ ਤੇ ਗੰਡਾਸੇ ਪਹਿਲਾ ਉਨ੍ਹਾਂ ਦੇ ਦਰਵਾਜ਼ ’ਚ ਮਾਰੇ ਤੇ ਬਾਅਦ ’ਚ ਮਾਤਾ ਦੇ ਹੱਥ ਤੇ ਗੰਡਾਸੇ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਗਏ। ਮਹਿਲਾ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।