ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਫਰਵਰੀ
ਗੁਰਦੁਆਰਾ ਬਾਉਲੀ ਸਾਹਿਬ ਦੇ ਬਾਹਰ ਲੱਗਣ ਵਾਲੀਆਂ ਦੁਕਾਨਾਂ ਫੜ੍ਹੀਆਂ ਆਦਿ ਦੀ ਸਾਲਾਨਾ ਬੋਲੀ ਨੇ ਇਸ ਵਾਰ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ ਪੰਜ ਸਾਲਾਂ ਤੋਂ ਇਹ ਬੋਲੀ 8 ਲੱਖ ਰੁਪਏ ਤੋਂ ਵੱਧ ਕੇ ਹੁਣ 20 ਲੱਖ ਰੁਪਏ ਤੋਂ ਟੱਪ ਚੁੱਕੀ ਹੈ। ਭਾਵੇਂ ਇਸ ਬੋਲੀ ਨੂੰ ਲੈ ਕੇ ਗੁਰਦੁਆਰੇ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਵੱਡੇ ਪੱਧਰ ਤੇ ਵਧੀ ਬੋਲੀ ਕਾਰਨ ਕਰੋਨਾ ਸੰਕਟ ਦੀ ਮਾਰ ਝੱਲ ਚੁੱਕੇ ਫੜ੍ਹੀਆਂ ਵਾਲਿਆਂ ਨੂੰ ਹੁਣ ਠੇਕੇਦਾਰ ਵੱਲੋਂ ਕਿਰਾਇਆ ਵਧਾਉਣ ਦਾ ਡਰ ਸਤਾ ਰਿਹਾ ਹੈ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਦੀ ਦੇਖਰੇਖ ਹੇਠ ਹੋਈ ਇਸ ਬੋਲੀ ਵਿੱਚ ਸ਼ਮੂਲੀਅਤ ਕਰਨ ਲਈ ਜਿੱਥੇ ਪੁਰਾਣੇ ਠੇਕੇਦਾਰ ਬੋਲੀ ਦੇਣ ਪਹੁੰਚੇ ਉੱਥੇ ਹੀ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਨੇ ਵੀ ਇਸ ਬੋਲੀ ਵਿੱਚ ਦਿਲਚਸਪੀ ਦਿਖਾਈ। ਇਸ ਬੋਲੀ ਨੂੰ ਲੈ ਕੇ ਜਿੱਥੇ ਮਾਲਦਾਰ ਅਸਾਮੀਆਂ ਦੇ ਸਿੰਗ ਫਸਦੇ ਦਿਖਾਈ ਦਿੱਤੇ ਜਿਸ ਕਾਰਨ ਇਸ ਬੋਲੀ ਵਿੱਚ ਹੈਰਾਨੀਜਨਕ ਵਾਧਾ ਹੋਇਆ ਅਤੇ ਇਹ ਬੋਲੀ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 20 ਲੱਖ ਤੋਂ ਟੱਪ ਗਈ ਹੈ।ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਇਸ ਵਾਰ ਦੀ ਬੋਲੀ 20 ਲੱਖ 70 ਹਜ਼ਾਰ ਰੁਪਏ ਵਿੱਚ ਪ੍ਰੀਤਮ ਸਿੰਘ ਠੇਕੇਦਾਰ ਦੇ ਨਾਂ ਟੁੱਟੀ ਹੈ।