ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 10 ਜਨਵਰੀ
ਪੁਰਾਣੇ ਝਗੜੇ ਵਿੱਚ ਕਾਨੂੰਨੀ ਕਾਰਵਾਈ ਕਰਵਾਉਣ ਲਈ ਕੁਝ ਪ੍ਰਦਰਸ਼ਨਕਾਰੀਆਂ ਨੇ ਅੱਜ ਸ਼ਾਮ ਨੂੰ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ਜਾਮ ਕਰ ਦਿੱਤੀ। ਇਸ ਕਾਰਨ ਦੇਖਦਿਆਂ ਹੀ ਦੇਖਦਿਆਂ ਜੀਟੀ ਰੋਡ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਿਸ਼ੀ ਭਗਵਾਨ ਵਾਲਮੀਕਿ ਸਰਬ ਸਾਂਝਾ ਕੇਂਦਰ ਟਰੱਸਟ ਅਤੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਕੌਮੀ ਪ੍ਰਧਾਨ ਬਾਬਾ ਹਰਦੇਵ ਨਾਥ ਸ਼ੇਰਗਿੱਲ ਅਤੇ ਨਾਨਕ ਸਹੋਤਾ ਨੇ ਦੱਸਿਆ ਕਿ ਲਗਪਗ ਤਿੰਨ ਮਹੀਨੇ ਪਹਿਲਾਂ ਨਜ਼ਦੀਕੀ ਪਿੰਡ ਮਿਹੋਕਾ ਵਾਸੀ ਅਵਤਾਰ ਸਿੰਘ ਦਾ ਆਪਣੇ ਗੁਆਂਢ ਰਹਿੰਦੇ ਦਵਿੰਦਰ ਸਿੰਘ ਨਾਲ ਝਗੜਾ ਹੋ ਗਿਆ ਸੀ। ਦਵਿੰਦਰ ਸਿੰਘ ਨੇ ਅਵਤਾਰ ਦੀ ਕੁੱਟਮਾਰ ਕੀਤੀ ਸੀ ਅਤੇ ਉਸ ਦੀ ਪਤਨੀ ਕੁਲਜੀਤ ਦੇ ਕੱਪੜੇ ਪਾੜ ਦਿੱਤੇ ਸਨ। ਇਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਥਾਣਾ ਜੰਡਿਆਲਾ ਗੁਰੂ ਵਿਚ ਦਿੱਤੀ ਗਈ ਸੀ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਅੱਜ ਸੰਸਥਾਵਾਂ ਦੇ ਕਾਰਕੁਨਾਂ ਵੱਲੋਂ ਜੀਟੀ ਰੋਡ ਜਾਮ ਕਰ ਦਿੱਤੀ ਗਈ। ਪੁਲੀਸ ਨੇ ਤੁਰੰਤ ਆਵਾਜਾਈ ਨੂੰ ਬਦਲਵਾਂ ਰੂਟ ਦਿੱਤਾ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਕੁਝ ਸਮੇਂ ਵਿੱਚ ਹੀ ਇਹ ਧਰਨਾ ਚੁਕਾ ਦਿੱਤਾ ਤੇ ਆਵਾਜਾਈ ਬਹਾਲ ਕਰਵਾਈ।
ਇਸ ਮਾਮਲੇ ਵਿੱਚ ਐੱਸਐੱਚਓ ਜੰਡਿਆਲਾ ਗੁਰੂ ਇੰਸਪੈਕਟਰ ਬਲਕਾਰ ਸਿੰਘ ਨੇ ਕਿਹਾ ਇਹ ਝਗੜੇ ਦਾ ਮਾਮਲਾ ਕਰੀਬ ਤਿੰਨ ਮਹੀਨੇ ਪੁਰਾਣਾ ਹੈ। ਪੁਲੀਸ ਵੱਲੋਂ ਉਸੇ ਵੇਲੇ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਕੇ ਕੇਸ ਦਰਜ ਕਰ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀ ਪੁਲੀਸ ਇਸ ਕਾਰਵਾਈ ਤੋਂ ਅਣਜਾਣ ਸਨ। ਪੁਲੀਸ ਵੱਲੋਂ ਇਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ’ਤੇ ਤੁਰੰਤ ਧਰਨਾ ਚੁੱਕ ਲਿਆ ਗਿਆ।