ਗੁਰਬਖਸ਼ਪੁਰੀ
ਤਰਨ ਤਾਰਨ, 22 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਨੌਜਵਾਨਾਂ ਸਮੇਤ ਸਮਾਜ ਦੇ ਹੋਰਨਾਂ ਵਰਗਾਂ ਨੂੰ ਦੇਸ਼ ਦੇ ਆਰਥਿਕ ਸੋਮਿਆਂ ਨੂੰ ਕੁੱਝ ਇੱਕ ਵਿਅਕਤੀਆਂ ਦੇ ਹੱਥਾਂ ਵਿੱਚ ਸੌਂਪਣ ਅਤੇ ਲੋਕਾਂ ਦੀ ਆਵਾਜ਼ ਦੀ ਪੂਰੀ ਤਰ੍ਹਾਂ ਨਾਲ ਸੰਘੀ ਨੱਪਣ ਵਾਲੀਆ ਨੀਤੀਆਂ ਦੀਆਂ ਧਾਰਨੀ ਸ਼ਕਤੀਆਂ ਦਾ ਟਾਕਰਾ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ ਹੈ|
ਉਨ੍ਹਾਂ ਇਸ ਸਬੰਧੀ ਵਿਚਾਰ ਅੱਜ ਇਥੇ ਪਾਰਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੀਤੀ ਇਕ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ| ਇਥੋਂ ਦੇ ਗਾਂਧੀ ਮਿਉਂਸਪਲ ਪਾਰਕ ਵਿੱਚ ਕੀਤੀ ਇਸ ਕਾਨਫਰੰਸ ਵਿੱਚ ਬਾਰਸ਼ ਪੈਣ ਦੇ ਬਾਵਜੂਦ ਵੀ ਪਾਰਟੀ ਦੀਆਂ ਵੱਡੀ ਗਿਣਤੀ ਔਰਤ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ| ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਦੀਆਂ ਨਿਗਾਹਾਂ ਆਪਣੇ ਵੱਲ ਖਿਚਣ ਵਾਲੇ ਕਿਸਾਨ ਅੰਦੋਲਨ ਦੇ ਸਫਲਤਾ ਪੂਰਵਕ ਚੱਲਣ ਤੋਂ ਖ਼ੌਫ਼ਜਦਾ ਹੋਈ ਕੇਂਦਰ ਸਰਕਾਰ ਇਸ ਲੋਕ ਅੰਦੋਲਨ ਨੁੰ ਜ਼ੋਰ ਜਬਰਦਸਤੀ ਵੀ ਕੁਚਲਣ ਵਿੱਚ ਅਸਫਲ ਰਹੀ ਹੈ|
ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 27 ਸਤੰਬਰ ਦੇ ਭਾਰਤ ਬੰਦ ਦਾ ਵੀ ਸਮਰਥਨ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਸੁਲੱਖਣ ਸਿੰਘ ਤੁੜ, ਕਰਮ ਸਿੰਘ ਫਤਿਆਬਾਫ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਜਸਬੀਰ ਕੌਰ ਤਰਨ ਤਾਰਨ, ਲਖਵਿੰਦਰ ਕੌਰ ਝਬਾਲ, ਧਰਮ ਸਿੰਘ ਪੱਟੀ ਨੇ ਵੀ ਸੰਬੋਧਨ ਕੀਤਾ|