ਗੁਰਬਖਸ਼ਪੁਰੀ
ਤਰਨ ਤਾਰਨ, 23 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਕਰੀਬ ਦੋ ਹਫਤੇ ਪਹਿਲਾਂ 11 ਅਕਤੂਬਰ ਨੂੰ ਤਰਨ ਤਾਰਨ ਸ਼ਹਿਰ ਦੇ ਨੇੜਲੇ ਪਿੰਡ ਅਲਾਦੀਨਪੁਰ ਵਿੱਚ ਇਕ ਨੌਜਵਾਨ ਕਾਰੋਬਾਰੀ ਗੁਰਜੰਟ ਸਿੰਘ ਵਾਸੀ ਰਸੂਲਪੁਰ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ| ਗੁਰਜੰਟ ਸਿੰਘ ਦੀ ਉਸਦੀ ਦੁਕਾਨ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਗ਼ਿਫ਼ਤਾਰ ਕੀਤੇ ਗਏ ਵਿਅਕਤੀ ਕੈਨੇਡਾ ਸਥਿਤ ਅੱਤਿਵਾਦੀ ਲਖਬੀਰ ਸਿੰਘ ਉਰਫ ਲੰਡਾ ਤੇ ਯੂਰਪ ਅਧਾਰਤ ਅੱਤਿਵਾਦੀ ਸਤਪਾਲ ਸਿੰਘ ਉਰਫ ਸੱਤਾ ਦੇ ਨਜ਼ਦੀਕੀ ਸਾਥੀ ਹਨ| ਉਹ ਅੱਗੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਪਾਕਿਸਤਾਨ ਸਥਿਤ ਅੱਤਿਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧਤ ਹਨ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਦੇ ਪਿੰਡ ਸ਼ੇਰੋਂ ਦੇ ਗੁਰਕੀਰਤ ਸਿੰਘ ਉਰਫ ਘੁੱਗੀ ਤੇ ਨੌਸ਼ਹਿਰਾ ਪੰਨੂਆਂ ਦੇ ਵਾਸੀ ਅਜਮੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਸ਼ੂਟਰਾਂ ਨੂੰ ਹਥਿਆਰ ਤੇ ਹੋਰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਦੋ ਹੋਰਨਾਂ ਵਿੱਚ ਬਟਾਲਾ ਦੇ ਹਰਮਨਜੋਤ ਤੇ ਅਕਾਸ਼ਦੀਪ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਦੋ 9 ਐੱਮਐੱਮ ਅਤੇ ਦੋ .30 ਬੋਰ ਸਮੇਤ ਚਾਰ ਪਿਸਤੌਲ ਵੀ ਬਰਾਮਦ ਕੀਤੇ ਹਨ। ਤਰਨ ਤਾਰਨ ਪੁਲੀਸ ਨੇ ਚਾਰ ਦਿਨ ਪਹਿਲਾਂ ਇਸ ਕੇਸ ਨਾਲ ਸਬੰਧਿਤ ਰਵੀਸ਼ੇਰ ਸਿੰਘ ਉਰਫ ਰਵੀ ਵਾਸੀ ਸ਼ੇਰੋਂ ਅਤੇ ਨੌਸ਼ਹਿਰਾ ਪੰਨੂਆਂ ਦੇ ਵਰਿੰਦਰ ਸਿੰਘ ਉਰਫ ਭਿੰਡੀ ਨੂੰ ਗ੍ਰਿਫ਼ਤਾਰ ਕੀਤਾ ਸੀ| ਇਨ੍ਹਾਂ ਨੇ ਗੁਰਜੰਟ ਸਿੰਘ ਦੀ ਰੇਕੀ ਕਰਨ ਤੋਂ ਇਲਾਵਾ ਸ਼ੂਟਰਾਂ ਨੂੰ ਗੋਲੀ ਸਿੱਕੇ ਦਾ ਇੰਤਜ਼ਾਮ ਕਰਕੇ ਦਿੱਤਾ ਸੀ| ਇਨ੍ਹਾਂ ਕੋਲੋਂ ਇੱਕ .30 ਬੋਰ ਦਾ ਪਿਸਤੌਲ ਤੇ ਅਪਰਾਧ ਵਿੱਚ ਵਰਤੀਆਂ ਹੁੰਡਈ ਵਰਨਾ ਤੇ ਵੌਕਸਵੈਗਨ ਵੈਂਟੋ ਦੋ ਕਾਰਾਂ ਬਰਾਮਦ ਹੋਈਆਂ ਸਨ| ਇਹ ਕਾਰਵਾਈ ਤਰਨ ਤਾਰਨ ਪੁਲੀਸ, ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਵੱਲੋਂ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬੀਤੀ ਦੇਰ ਸ਼ਾਮ ਕੀਤੀ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਲੰਡਾ ਅਤੇ ਰਿੰਦਾ ਦੇ ਇਸ਼ਾਰੇ ’ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਹੇ ਸਨ। ਵਰਣਨਯੋਗ ਹੈ ਕਿ ਗੁਰਜੰਟ ਅਤੇ ਉਸਦੇ ਚਚੇਰੇ ਭਰਾ ਅਰਸ਼ਦੀਪ ਸਿੰਘ ਉਰਫ ਬਾਟੀ ਵਿਚਕਾਰ ਪਰਿਵਾਰਕ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ| ਅਰਸ਼ਦੀਪ ਸਿੰਘ ਨਾਮਵਰ ਗੈਂਗਸਟਰ ਸਤਨਾਮ ਸੱਤਾ ਤੇ ਲੰਡਾ ਦਾ ਕਰੀਬੀ ਹੈ|