ਕੇ.ਪੀ. ਸਿੰਘ
ਗੁਰਦਾਸਪੁਰ, 3 ਅਪਰੈਲ
ਇੱਥੋਂ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਕੋਟਲੀ ਸ਼ਾਹਪੁਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ। ਤੜਕੇ ਕਰੀਬ 2.30 ਵਜੇ ਵਾਪਰੀ ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸਵੇਰੇ ਘਰ ਦੇ ਬਾਹਰ ਸਫ਼ਾਈ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਚੱਲੀਆਂ ਹੋਈਆਂ ਗੋਲੀਆਂ ਦੇ ਤਿੰਨ ਖੋਲ ਵੀ ਮਿਲੇ ਜੋ ਉਨ੍ਹਾਂ ਨੇ ਪੁਲੀਸ ਨੂੰ ਸੌਂਪ ਦਿੱਤੇ ਹਨ। ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਉਹ ਰੋਜ਼ ਤੜਕੇ 2.30 ਕੁ ਵਜੇ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ। ਅੱਜ ਉਹ ਥੋੜ੍ਹਾ ਲੇਟ ਹੋ ਗਿਆ। ਤੜਕੇ ਜਦੋਂ ਘਰ ਵਿੱਚ ਪਾਣੀ ਪੀ ਰਿਹਾ ਸੀ ਤਾਂ ਉਸ ਨੂੰ ਪਟਾਕੇ ਚੱਲਣ ਵਰਗੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਉਸ ਨੇ ਅਣਗੌਲਿਆ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵੀ ਪਿੰਡ ਕੋਟਲੀ ਸ਼ਾਹਪੁਰ ਪਹੁੰਚੇ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਮੰਗੀ।