ਪੱਤਰ ਪ੍ਰੇਰਕ
ਅੰਮ੍ਰਿਤਸਰ/ਜੈਂਤੀਪੁਰ, 11 ਅਪਰੈਲ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ ਪਿੰਡ ਰੂਪੋਵਾਲੀ ਵਿੱਚ ਨੀਤੀ ਆਯੋਗ ਦੇ ਦਿੱਤੇ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੇ ਬਿਆਨ ਦੀ ਜਥੇਬੰਦੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਨੀਤੀ ਆਯੋਗ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਜਥੇਬੰਦੀ ਪਹਿਲਾਂ ਤੋਂ ਹੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਕੇਂਦਰ ਸਰਕਾਰ ਨੇ ਕਾਨੂੰਨ ਤਾਂ ਰੱਦ ਕਰ ਦਿੱਤੇ ਹਨ ਪਰ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਫ਼ਰਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ ਵਾਪਿਸ ਲਿਆਉਣ ਨਾਲ ਭਾਰਤ ਦਾ ਆਰਥਿਕ ਢਾਂਚਾ ਤਹਿਸ ਨਹਿਸ ਹੋਵੇਗਾ, ਜੋ ਭਾਰਤ ਦੇ ਕਿਸਾਨ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਐੱਮਐੱਸਪੀ ਗਰੰਟੀ ਕਾਨੂੰਨ, ਕਰਜ਼ਾ ਮੁਆਫ਼ੀ, ਕਿਸਾਨਾਂ ’ਤੇ ਪਾਏ ਪੁਲੀਸ ਕੇਸ, ਲਖੀਮਪੁਰ ਖੀਰੀ ਵਾਲੀ ਘਟਨਾ, ਸ਼ਹੀਦ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣਾ ਆਦਿ ਮੰਗਾਂ ਤੋਂ ਭੱਜਣਾ ਚਾਹੁੰਦੀ ਹੈ। ਇਸ ਮੌਕੇ ਆਗੂ ਗੁਰਲਾਲ ਸਿੰਘ ਮਾਨ, ਸਵਿੰਦਰ ਸਿੰਘ ਰੂਪੋਵਾਲੀ, ਲਖਬੀਰ ਸਿੰਘ ਕੱਥੂਨੰਗਲ, ਅਮਰੀਕ ਸਿੰਘ ਕੋਟਲਾ, ਸਰਬਨਰੰਜਨ ਸਿੰਘ ਦੋਧਾਲਾ,ਗੁਰਮੇਜ ਸਿੰਘ ਰਾਮਦੀਵਾਲੀ, ਗੁਰਮੁਖ ਸਿੰਘ ਜੇਠੂਵਾਲ, ਅਵਤਾਰ ਸਿੰਘ ਜਹਾਂਗੀਰ ਵੀ ਮੌਜੂਦ ਸਨ।