ਜਤਿੰਦਰ ਬੈਂਸ
ਗੁਰਦਾਸਪੁਰ, 8 ਅਕਤੂਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੀ ਰੇਲ ਪਟੜੀਆਂ ਅਤੇ ਟੋਲ ਪਲਾਜ਼ਿਆਂ ਦੀ ਘੇਰਾਬੰਦੀ ਤੇ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਕਿਸਾਨਾਂ ਦੇ ਰੋਲ ਰੋਕੋ ਅੰਦੋਲਨ ਤਹਿਤ ਇਥੇ ਰੇਲਵੇ ਲਾਈਨ ਉੱਤੇ ਰੋਸ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਰਾਗੀ, ਢਾਡੀ, ਲੇਖਕਾਂ ਅਤੇ ਸਾਹਿਤ ਸਭਾਵਾਂ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕਰਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਅੰਤਿਮ ਜਿੱਤ ਹਰ ਹਾਲ ਕਿਸਾਨ ਜਥੇਬੰਦੀਆਂ ਦੀ ਹੋਵੇਗੀ।
ਜਲੰਧਰ(ਪਾਲ ਸਿੰਘ ਨੌਲੀ): ਖੇਤੀ ਬਿੱਲਾਂ ਦੇ ਵਿਰੋਧ ਵਿੱਚ ਚਲ ਰਿਹਾ ਕਿਸਾਨ ਅੰਦੋਲਨ ਆਏ ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਕਿਸਾਨਾਂ ਨੇ ਸੜਕਾਂ ’ਤੇ ਲੱਗੇ ਟੌਲ ਪਲਾਜ਼ਿਆਂ ’ਤੇ ਧਰਨੇ ਲਾਏ ਹੋਏ ਹਨ ਤੇ ਲੋਕ ਬਿਨਾਂ ਪਰਚੀ ਦੇ ਲੰਘ ਰਹੇ ਹਨ। ਸਤਲੁਜ ਦਰਿਆ ’ਤੇ ਲੋਹੀਆਂ ਤੋਂ ਮੱਖੂ ਨੂੰ ਜਾਣ ਵਾਲੀ ਸੜਕ ’ਤੇ ਲੱਗੇ ਟੌਲ ਪਲਾਜ਼ੇ ’ਤੇ ਅੱਜ ਸਵੇਰ ਤੋਂ ਕਿਸਾਨਾਂ ਨੇ ਧਰਨਾ ਲਾ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਕ੍ਰਾਂਤੀਕਾਰੀ ਦੇ ਯੂਥ ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਇੱਥੇ ਧਰਨਾ ਲੱਗਾ ਹੋਇਆ ਹੈ, ਜਿਹੜਾ ਕਿ ਦਿਨ-ਰਾਤ ਚੱਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਨਾਲ ਕਿਸਾਨ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ।
ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ-ਮੋਗਾ ਰਾਸ਼ਟਰੀ ਹਾਈਵੇ ’ਤੇ ਦਰਿਆ ਸਤਲੁਜ ਦੇ ਨਜ਼ਦੀਕ ਸਥਿਤ ਟੋਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਅੱਜ ਦੂਜੇ ਦਿਨ ਵੀ ਕਿਸਾਨਾਂ ਨੇ ਧਰਨਾ ਲਗਾ ਕੇ ਵਾਹਨਾਂ ਨੂੰ ਬਿਨਾਂ ਟੋਲ ਤੋਂ ਲੰਘਾਇਆ। ਧਰਨੇ ਨੂੰ ਕਿਸਾਨ ਆਗੂ ਬਚਿੱਤਰ ਸਿੰਘ ਤੱਗੜ, ਨਛੱਤਰ ਸਿੰਘ ਰਸੂਲਪੁਰ, ਪਰਮਜੀਤ ਸਿੰਗ ਅੰਮੀਵਾਲ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਕਰਨੈਲ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਮੰਗਾਂ ਮੰਨੇ ਜਾਣ ਤਕ ਜਾਰੀ ਰਹੇਗਾ।
ਚੇਤਨਪੁਰਾ(ਰਣਬੀਰ ਸਿੰਘ ਮਿੰਟੂ): ਪਿੰਡ ਮਹੱਦੀਪੁਰਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਤੇ ਮਾਨ ਦਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਇਸ ਮੌਕੇ ਭਾਈ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟਾਂ ’ਤੇ ਦਸਤਖਤ ਕਰਨ ਦੇ ਬਰਾਬਰ ਹਨ, ਇਸ ਤੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਤੇ ਕਿਸਾਨੀ ਨੂੰ ਖ਼ਤਮ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਕਿਸਾਨੀ ਸੰਘਰਸ਼ ਨੂੰ ਦਿੱਲੀ ਵੱਲ ਕੂਚ ਕਰਨ ਲਈ ਕਿਸਾਨਾਂ ਨੂੰ ਲਾਮਬੰਦ ਕਰਨਗੇ।
ਅਟਾਰੀ(ਦਿਲਬਾਗ ਸਿੰਘ): ਇਥੇ ਕਿਸਾਨਾਂ ਨੇ ਵੱਖ-ਵੱਖ ਸਰਹੱਦੀ ਪਿੰਡਾਂ ਵਿੱਚ ਅੱਜ ਮਾਰਚ ਕੀਤਾ ਤੇ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਦਲਿਤ ਲੜਕੀ ਨਾਲ ਵਾਪਰੀ ਅਤਿਅੰਤ ਘਿਨਾਉਣੀ ਜਬਰਜਨਾਹ ਦੀ ਘਟਨਾ ਅਤੇ ਹਰਿਆਣਾ ਵਿੱਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।
‘ਕਾਲੇ ਕਾਨੂੰਨਾਂ ਵਿਰੁੱਧ ਲੜਾਈ ਨੂੰ ਅਗਵਾ ਕਰਨ ਦੀ ਹੋ ਰਹੀ ਹੈ ਕੋਸ਼ਿਸ਼’
ਧਾਰੀਵਾਲ( ਸੁੱਚਾ ਸਿੰਘ ਪਸਨਾਵਾਲ): ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਡਾ.ਗੁਰਚਰਨ ਗਾਂਧੀ ਨੇ ਕਿਹਾ ਕਿ ਕਿਸਾਨੀ, ਖੇਤੀ, ਮਜ਼ਦੂਰ ਵਰਗ ਤੇ ਆਮ ਲੋਕਾਂ ਸਮੇਤ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਵਿਰੁੱਧ 31 ਕਿਸਾਨ ਜਥੇਬੰਦੀਆਂ ਵੱਲੋਂ ਆਰੰਭ ਕੀਤੇ ਸੰਘਰਸ਼ ਦੀ ਲੜਾਈ ਜੋ ਫੈਸਲਾਕੁੰਨ ਦੌਰ ਵਿੱਚ ਪੁੱਜ ਚੁੱਕੀ ਹੈ, ਨੂੰ ਵੱਖ ਵੱਖ ਤਰੀਕਿਆਂ ਨਾਲ ਅਗਵਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਬੁਟਾਹਰੀ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਧਰਨਾ ਜਾਰੀ
ਰਈਆ(ਦਵਿੰਦਰ ਸਿੰਘ ਭੰਗੂ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਾਨੂੰਨਾਂ ਵਿਰੁੱਧ ਪੰਜਾਬ ਅੰਦਰ ਸੈਂਕੜੇ ਥਾਵਾਂ ’ਤੇ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਵੱਲੋਂ ਬੁਟਾਰੀ ਰੇਲਵੇ ਸਟੇਸ਼ਨ ’ਤੇ ਰੋਹ ਭਰਪੂਰ ਪ੍ਰਦਰਸ਼ਨ ਕਰਕੇ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਬੁਟਾਰੀ ਰੇਲਵੇ ਸਟੇਸ਼ਨ ’ਤੇ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਮੋਰਚੇ ਦੀ ਪ੍ਰਧਾਨਗੀ ਪਰਕਾਸ਼ ਸਿੰਘ ਥੋਥੀਆਂ, ਦਲਬੀਰ ਸਿੰਘ ਬੇਦਾਦ ਪੁਰ, ਸਵਿੰਦਰ ਸਿੰਘ ਤਿੰਮੋਵਾਲ, ਗੁਰਭੇਜ ਸਿੰਘ ਸੈਦੋ ਲੇਹਲ, ਗੁਰਸਾਹਿਬ ਸਿੰਘ ਚਾਟੀ ਵਿੰਡ, ਉਮਰਾਜ ਸਿੰਘ ਧਰਦਿੳ ਅਤੇ ਕੁਲਵੰਤ ਭਲਾਈਪੁਰ ਨੇ ਕੀਤੀ। ਇਸ ਮੌਕੇ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਆਰ.ਐਸ ਐਸ. ਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ।