ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 10 ਅਪਰੈਲ
ਡੀਏਪੀ ਖਾਦ ਤੇ ਕਪਾਹ ਦੇ ਬੀਜਾਂ ਵਿੱਚ ਕੀਤੇ ਵਾਧੇ, ਕਣਕ ਦੀ ਖਰੀਦ ਵਿੱਚ ਲਾਈਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅੱਗੇ ਕਣਕ ਦੀ ਖਰੀਦ ਸਬੰਧੀ ਸਹੀ ਪੱਖ ਨਾ ਰੱਖੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਅੱਜ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ ਅਤੇ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ’ਚ ਅੱਜ ਅੰਮ੍ਰਿਤਸਰ-ਫਿਰੋਜ਼ਪੁਰ ਰੋਡ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਅਰਥੀ ਫੂਕੀ ਗਈ।
ਇਸ ਰੋਸ ਮੁਜ਼ਾਹਰੇ ਨੂੰ ਸਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਡੀ.ਏ.ਪੀ ਖਾਦ ਦੀ ਬੋਰੀ ਵਿੱਚ 700 ਰੁਪਏ ਪ੍ਰਤੀ ਬੋਰੀ ਵਾਧਾ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਕਪਾਹ ਦੇ ਬੀਜਾਂ ਵਿੱਚ ਪ੍ਰਤੀ ਪੈਕਟ 35 ਰੁਪਏ ਵਾਧਾ ਕੀਤਾ ਗਿਆ ਸੀ। ਇਸ ਕਾਰਵਾਈ ਨੂੰ ਕਿਸਾਨਾਂ ਨਾਲ ਧੱਕਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਵਿੱਚ ਕੇਂਦਰ ਵਲੋਂ ਫਾਲਤੂ ਸ਼ਰਤਾਂ ਜਿਵੇਂ ਕਿ ਫਰਦ ਲਈ 6 ਮਹੀਨੇ ਦਾ ਪੇਮੈਂਟ ਬੈਨ, ਬਦਰੰਗ ਅਤੇ ਟੋਟੇ, ਕਾਲੇ ਦਾਣੇ ਵਿੱਚ 50 ਫੀਸਦ ਕਟੌਤੀ ਆਦਿ ਸ਼ਾਮਲ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਮੰਡੀ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਏਪੀਐੱਮਸੀ ਐਕਟ ਮੁਤਾਬਿਕ ਕੇਂਦਰ ਕੋਲ ਸਹੀ ਪੱਖ ਨਹੀਂ ਰੱਖ ਸਕੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਆੜ੍ਹਤੀਆਂ ਵਿੱਚ ਫੁੱਟ ਪਾਉਣ ਦਾ ਯਤਨ ਕਰ ਰਹੀ ਹੈ।
18 ਅਪਰੈਲ ਦੀ ਮਹਾ ਰੈਲੀ ਦਾ ਜਾਇਜ਼ਾ ਲਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਅੰਮ੍ਰਿਤਸਰ ਕਮੇਟੀ ਨੇ ਚੱਬਾ ਵਿੱਚ ਮੀਟਿੰਗ ਕਰਕੇ 18 ਅਪਰੈਲ ਨੂੰ ਦਾਣਾ ਮੰਡੀ ਭਗਤਾਂ ਵਾਲਾ ਵਿੱਚ ਕੀਤੀ ਜਾ ਰਹੀ ਮਹਾ ਰੈਲੀ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 11 ਅਪਰੈਲ ਨੂੰ ਰਾਮਤੀਰਥ ਅਤੇ 12 ਨੂੰ ਕੱਥੂਨੰਗਲ ਵਿਖੇ ਹਜ਼ਾਰਾਂ ਬੀਬੀਆਂ ਦਾ ਇਕੱਠ ਕਰਕੇ ਉਨ੍ਹਾਂ ਦੀ ਵਰਕਸ਼ਾਪ ਲਾਈ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਬੀਬੀਆਂ ਦਾ ਵੱਡਾ ਇਕੱਠ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।