ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਮਾਰਚ
31 ਮਾਰਚ ਰਾਤ 12 ਵਜੇ ਤੋਂ ਹਾਈਵੇਅ ਉਪਰ ਸਫਰ ਕਰਨਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਨੈਸ਼ਨਲ ਹਾਈਵੇ ਇਕ ‘ਤੇ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ ਜੋ ਕਿਸਾਨੀ ਅੰਦੋਲਨ ਤੋਂ ਬਾਅਦ 6 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ ਤਿੰਨ ਮਹੀਨੇ ਬਾਅਦ ਹੀ ਟੌਲ ਦਰਾਂ ਵਿੱਚ ਵਾਧਾ ਹਾਈਵੇਅ ਤੋਂ ਲੰਘਣ ਵਾਲਿਆਂ ਨੂੰ ਵੱਡੀ ਮੁਸ਼ਕਲ ਵਿੱਚ ਪਾ ਸਕਦਾ ਹੈ।
ਨਿੱਜਰਪੁਰਾ ਟੌਲ ਪਲਾਜ਼ਾ ਦੇ ਮੁੱਖ ਸੰਚਾਲਕ ਦੇਵੀ ਲਾਲ ਨੇ ਕਿਹਾ ਨਵੀਆਂ ਦਰਾਂ ਮੁਤਾਬਕ ਰੇਟ ਕਾਰ ਜੀਪ ਨੂੰ ਇਕ ਵਾਰੀ ਲੰਘਣ ਲੱਗਿਆ 55 ਰੁਪਏ ਅਤੇ ਆਉਣ ਜਾਣ ਦੇ 85 ਰੁਪਏ, ਹਲਕੇ ਕਮਰਸ਼ੀਅਲ ਵਾਹਨਾਂ ਨੂੰ ਇੱਕ ਵਾਰ ਦੇ 95 ਅਤੇ ਆਉਣ ਜਾਣ ਦੇ 140 ਰੁਪਏ, ਬੱਸ ਟਰੱਕ ਨੂੰ ਇੱਕ ਵਾਰ ਦੀ 195 ਅਤੇ ਆਉਣ ਜਾਣ ਦੇ 290 ਰੁਪਏ, ਭਾਰੀ ਕਮਰਸ਼ੀਅਲ ਵਾਹਨ ਨੂੰ ਇਕ ਵਾਰ ਦੇ 210 ਤੇ ਆਉਣ ਜਾਣ ਦੇ 320, ਭਾਰੀ ਕੰਸਟਰੱਕਸ਼ਨ ਮਸ਼ੀਨਰੀ ਨੂੰ ਇੱਕ ਵਾਰ ਦੇ 305 ਤੇ ਆਉਣ ਜਾਣ ਦੇ 455 ਰੁਪਏ ਅਤੇ ਹੋਰ ਭਾਰੀ ਵਾਹਨਾਂ ਨੂੰ ਇੱਕ ਵਾਰ ਦੇ 370 ਤੇ ਆਉਣ ਜਾਣ ਦੇ 555 ਰੁਪਏ ਦੇਣੇ ਪੈਣਗੇ।ਟੌਲ ਅਧਿਕਾਰੀ ਨੇ ਕਿਹਾ ਵੀਹ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਲੋਕਲ ਲੋਕਾਂ ਦੀ ਸਹੂਲਤ ਲਈ ਪ੍ਰਾਈਵੇਟ ਕਾਰਾਂ ਨੂੰ 315 ਰੁਪਏ ਦਾ ਇਕ ਮਹੀਨੇ ਦਾ ਪਾਸ ਮੁਹੱਈਆ ਕਰਵਾਇਆ ਜਾਵੇਗਾ। ਇਸ ਸਬੰਧੀ ਟੌਲ ਤੋਂ ਲੰਘਦੀਆਂ ਗੱਡੀਆਂ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸਰਕਾਰ ਵੱਲੋਂ ਪਹਿਲਾਂ ਹੀ ਤੇਲ ਕੀਮਤਾਂ ਵਿਚ ਨਿੱਤ ਵਾਧਾ ਕੀਤਾ ਜਾ ਰਿਹਾ ਹੈ ਅਤੇ ਉੱਪਰੋਂ ਇਹ ਟੌਲ ਵਿੱਚ ਵਾਧੇ ਦੀ ਨਵੀਂ ਮਾਰ ਨਾਲ ਆਮ ਵਿਅਕਤੀ ਦਾ ਬਜਟ ਹਿੱਲ ਜਾਵੇਗਾ ਅਤੇ ਉਸ ਨੂੰ ਗੱਡੀ ਚਲਾਉਣੀ ਮੁਸ਼ਕਲ ਹੋ ਜਾਵੇਗੀ।