ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ਅੰਤਰਰਾਸ਼ਟਰੀ ਯਾਤਰੂਆਂ ਦੀ ਖਿੱਚ ਵਾਲਾ ਸ਼ਹਿਰ ਬਣਾਇਆ ਜਾਵੇ। ਇੱਥੇ ਨਵਾਂ ਸ਼ਹਿਰ ਵਸਾਇਆ ਜਾਵੇ, ਜਿੱਥੇ ਅਤਿ ਆਧੁਨਿਕ ਸਹੂਲਤਾਂ ਉਪਲਬਧ ਹੋਣ। ਉਨ੍ਹਾਂ ਇਸ ਸਬੰਧ ਵਿਚ ਇਕ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਹੈ । ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਤਰਲੋਚਨ ਸਿੰਘ ਨੇ ਕਿਹਾ ਕਿ ਇਥੋਂ ਗੁਰਦੁਆਰਾ ਕਰਤਾਰਪੁਰ ਲਾਂਘਾ ਸ਼ੁਰੂ ਹੁੰਦਾ ਹੈ। ਇਹ ਲਾਂਘਾ ਮੁੜ ਸ਼ੁਰੂ ਹੋਣ ’ਤੇ ਦੇਸ਼ ਵਿਦੇਸ਼ ਵਿੱਚ ਵਸਦਾ ਪੰਜਾਬੀ ਭਾਈਚਾਰਾ ਇਸ ਦੇ ਦਰਸ਼ਨਾਂ ਲਈ ਇੱਥੇ ਆਵੇਗਾ। ਉਨ੍ਹਾਂ ਦੀ ਇਥੇ ਆਮਦ ਮੌਕੇ ਲੋੜੀਂਦੀਆਂ ਅਤਿਆਧੁਨਿਕ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਇੱਥੇ ਤਿੰਨ ਤਾਰਾ ਹੋਟਲ ਅਤੇ ਸੰਚਾਰ ਦੀਆਂ ਹੋਰ ਸਹੂਲਤਾਂ ਉਪਲੱਬਧ ਹੋਣ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ ਇਸ ਕਸਬੇ ਨੂੰ ਸਮਾਰਟ ਅਤੇ ਵਿਰਾਸਤੀ ਸ਼ਹਿਰ ਐਲਾਨੇ ਤਾਂ ਜੋ ਇੱਥੇ ਲੋੜੀਂਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਇਸ ਸ਼ਹਿਰ ਦੇ ਬਾਨੀ ਹਨ ਅਤੇ ਇਸ ਸ਼ਹਿਰ ਨੂੰ ਅਪਗਰੇਡ ਕਰਨਾ ਉਨ੍ਹਾਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਹੋਵੇਗਾ।