ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਫਰਵਰੀ
ਜ਼ਿਲ੍ਹੇ ਵਿੱਚ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚੀਆਂ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਕੁੱਲ 73.29 ਫ਼ੀਸਦੀ ਵੋਟਿੰਗ ਹੋਈ। ਆਦਮਪੁਰ ਨਗਰ ਕੌਂਸਲ ਵਿੱਚ 71.75 ਫ਼ੀਸਦੀ, ਅਲਾਵਲਪੁਰ ਵਿੱਚ ਸਭ ਤੋਂ ਜ਼ਿਆਦਾ 80.89 ਫ਼ੀਸਦੀ, ਕਰਤਾਰਪੁਰ ’ਚ 72.08 ਫ਼ੀਸਦੀ, ਨਕੋਦਰ ’ਚ 72.22 ਫ਼ੀਸਦੀ, ਨੂਰਮਹਿਲ ਵਿਚ 80.11 ਫ਼ੀਸਦੀ ਪੋਲਿੰਗ ਹੋਈ ਹੈ। ਫਿਲੌਰ ’ਚ 68.24 ਫ਼ੀਸਦੀ ਬਣਦਾ ਹੈ, ਲੋਹੀਆਂ ਖਾਸ ’ਚ 76.45 ਫ਼ੀਸਦੀ, ਮਹਿਤਪੁਰ ’ਚ 75.87 ਫ਼ੀਸਦੀ ਪੋਲਿੰਗ ਹੋਈ ਹੈ।
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਸਥਾਨਕ ਨਗਰ ਕੌਂਸਲ ਚੋਣਾਂ ਲਈ ਸਵੇਰੇ 8 ਵਜੇ ਤੋਂ ਹੀ ਸੰਘਣੀ ਧੁੰਦ ਦੇ ਬਾਵਜੂਦ ਵੋਟਾਂ ਦਾ ਸਿਲਸਲਾ ਅਮਨ-ਅਮਾਨ ਨਾਲ ਹੋਇਆ ਤੇ 75 ਫ਼ੀਸਦੀ ਵੋਟਾਂ ਪਈਆਂ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਇੱਥੇ ਚੌਦਾਂ ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਸਣੇ 72 ਉਮੀਦਵਾਰਾਂ ਦੀ ਚੋਣ ਕਰਨ ਲਈ ਵੋਟਾਂ ਪਈਆਂ ਜਦੋਂਕਿ ਗਿਆਰਾਂ ਨੰਬਰ ਵਾਰਡ ਤੋਂ ਕਾਂਗਰਸ ਦੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਗਏ ਸਨ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਲਈ ਬਣਾਏ ਚੌਦਾਂ ਬੂਥਾਂ ’ਚ ਅੱਜ ਵੋਟਾਂ ਦਾ ਕੰੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ। ਐੱਸਡੀਐੱਮ ਹਰਬੰਸ ਸਿੰਘ ਅਨੁਸਾਰ 73.79 ਫ਼ੀਸਦੀ ਪੋਲਿੰਗ ਹੋਈ।
ਪੱਟੀ (ਬੇਅੰਤ ਸਿੰਘ ਸੰਧੂ): ਅੱਜ ਪੱਟੀ ਸ਼ਹਿਰ ਦੇ 14 ਵਾਰਡਾਂ ਵਿਚ 63 ਫ਼ੀਸਦੀ ਦੇ ਲਗਪਗ ਵੋਟਾਂ ਪੋਲ ਹੋਈਆਂ ਹਨ। ਇਸ ਦੌਰਾਨ ਬਾਅਦ ਦੁਪਹਿਰ ਅਕਾਲੀ ਉਮੀਦਵਾਰਾਂ ਨੂੰ ਪੋਲਿੰਗ ਕੇਂਦਰਾਂ ’ਚੋਂ ਬਾਹਰ ਕਰਨ ਦੇ ਵਿਰੋਧ ਵਜੋਂ ਵਾਰਡ ਨੰਬਰ-15 ਤੋਂ ਅਕਾਲੀ ਦਲ ਦੀ ਉਮੀਦਵਾਰ ਹਰਮੀਤ ਕੌਰ ਨੇ ਵਿਰੋਧ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ।
ਤਲਵਾੜਾ (ਦੀਪਕ ਠਾਕੁਰ): ਇੱਥੇ ਨਗਰ ਪੰਚਾਇਤ ਤਲਵਾੜਾ ਦੇ ਵਾਰਡ ਨੰਬਰ-1 ਦੀ ਉਪ ਚੋਣ ਲਈ ਵੋਟਿੰਗ ਸ਼ਾਂਤੀਪੂਰਵਕ ਹੋਈ। ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 74.4 ਫ਼ੀਸਦੀ ਵੋਟਾਂ ਪੋਲ ਹੋਈਆਂ।
ਨਵਾਂਸ਼ਹਿਰ (ਲਾਜਵੰਤ ਸਿੰਘ): ਨਗਰ ਕੌਂਸਲ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਦੀਆਂ ਆਮ ਚੋਣਾਂ ਲਈ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਅਤੇ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 69.71 ਫ਼ੀਸਦੀ ਵੋਟਿੰਗ ਹੋਈ। ਜ਼ਿਲ੍ਹਾ ਚੋਣ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਵਾਂਸ਼ਹਿਰ ਵਿਚ 65.58, ਬੰਗਾ ਵਿੱਚ 71.45 ਤੇ ਰਾਹੋਂ ’ਚ 80.76 ਫ਼ੀਸਦੀ ਪੋਲਿੰਗ ਹੋਈ।
ਰਈਆ (ਦਵਿੰਦਰ ਸਿੰਘ ਭੰਗੂ): ਕਸਬਾ ਰਈਆ ਦੇ 13 ਵਾਰਡਾਂ ਦੀਆਂ ਪਈਆਂ ਵੋਟਾਂ ਦੌਰਾਨ ਵਾਰਡ ਨੰਬਰ 5 ਅਤੇ 10 ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋ ਗਿਆ ਹੈ। ਐੱਸਡੀਐਮ ਡਾ. ਸੁਮਿਤ ਮੁੱਦ ਨੇ ਦੱਸਿਆ ਕਿ 63.2 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਦੋ ਵਾਰਡਾਂ ’ਤੇ ਤਕਰਾਰ ਵੀ ਹੋਇਆ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਆਦਮਪੁਰ ਤੇ ਅਲਾਵਲਪੁਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਦਾ ਕੰਮ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ। ਆਦਮਪੁਰ ਵਿਚ ਕੁੱਲ 71.58 ਫ਼ੀਸਦੀ ਵੋਟਾਂ ਪਈਆਂ ਤੇ ਅਲਾਵਲਪੁਰ ਵਿਚ 80.88 ਫ਼ੀਸਦੀ ਵੋਟਾਂ ਪਈਆਂ।
ਫਿਲੌਰ (ਸਰਬਜੀਤ ਗਿੱਲ): ਨਗਰ ਕੌਂਸਲ ਲਈ ਅੱਜ ਅਮਨ-ਅਮਾਨ ਨਾਲ ਵੋਟਾਂ ਪਈਆਂ। ਕੁੱਲ 65 ਪ੍ਰਤੀਸ਼ਤ ਵੋਟਰਾਂ ਨੇ ਚੋਣ ਪ੍ਰਕਿਰਿਆ ’ਚ ਭਾਗ ਲਿਆ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਸਥਾਨਕ ਲੜਕਿਆਂ ਦੇ ਸਕੂਲ ’ਚ ਵੋਟ ਪਾਈ।
ਗੁਰਦਾਸਪੁਰ (ਜਤਿੰਦਰ ਬੈਂਸ): ਗੁਰਦਾਸਪੁਰ ਅੰਦਰ 63.62 ਫੀਸਦ ਵੋਟਾਂ ਪਈਆਂ ਹਨ। ਸਿਟੀ ਪੁਲੀਸ ਨੇ ਇੱਥੇ 3 ਅਕਾਲੀ ਵਰਕਰਾਂ ਸਣੇ ਕੁੱਲ 9 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੰਵਲਜੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਕਾਂਗਰਸ ਵਰਕਰਾਂ ਨੂੰ ਡਰਾ ਧਮਕਾ ਰਹੇ ਸਨ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਇੱਥੇ ਅੱਜ 13 ਵਾਰਡਾਂ ਵਿੱਚ 67.50 ਫ਼ੀਸਦ ਵੋਟਾਂ ਪੋਲ ਹੋਈਆਂ। ਇੱਥੇ ਵਾਰਡ ਨੰਬਰ-11 ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਸਮਰਥਕਾਂ ਵਿਚਕਾਰ ਝਗੜਾ ਹੋਇਆ।
ਚੇਤਨਪੁਰਾ (ਰਣਬੀਰ ਸਿੰਘ): ਅੱਜ ਨਗਰ ਪੰਚਾਇਤ ਅਜਨਾਲਾ ਅਤੇ ਨਗਰ ਕੌਂਸਲ ਰਮਦਾਸ ਦੀਆਂ ਹੋਈਆਂ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਸਮਾਪਤ ਹੋ ਗਈਆਂ। ਰਮਦਾਸ ਵਿੱਚ 81.92 ਫ਼ੀਸਦ ਵੋਟ ਪੋਲਿੰਗ ਹੋਈ ਤੇ ਅਜਨਾਲਾ ’ਚ 78.76 ਫ਼ੀਸਦੀ।
ਮਜੀਠਾ (ਲਖਨਪਾਲ ਸਿੰਘ): ਨਗਰ ਕੌਂਸਲ ਮਜੀਠਾ ਦੀਆਂ 13 ਵਾਰਡਾਂ ਦੀਆਂ ਕਰੀਬ 78 ਫ਼ੀਸਦੀ ਵੋਟਾਂ ਪੋਲ ਹੋਈਆਂ| ਵੋਟ ਪਾਉਣ ਉਪਰੰਤ ਵਿਧਾਇਕ ਬਿਕਰਮ ਮਜੀਠੀਆ ਨੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੀ ਚੋਣ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸ਼ਲਾਘਾ ਕੀਤੀ| ਵਾਰਡ ਨੰਬਰ 5 ਤੇ 13 ’ਤੇ ਮਾਮੂਲੀ ਤਕਰਾਰਬਾਜ਼ੀ ਵੀ ਹੋਈ ਪਰ ਪੁਲੀਸ ਨੇ ਮਾਹੌਲ ਸ਼ਾਂਤ ਕਰਵਾ ਦਿੱਤਾ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇੱਥੇ 13 ਵਾਰਡਾਂ ਵਿੱਚੋਂ 12 ਵਾਰਡਾਂ ’ਤੇ ਪੋਲਿੰਗ ਹੋਈ ਤੇ ਕਰੀਬ 70 ਫ਼ੀਸਦੀ ਵੋਟਾਂ ਪਈਆਂ। ਨਹਿਰੀ ਰੈਸਟ ਹਾਊਸ ਵਿਚ ਵਾਰਡ ਨੰਬਰ-12 ਦੇ ਬੂਥ ’ਤੇ ਕਾਂਗਰਸ ਅਤੇ ਅਕਾਲ ਦਲ ਦੇ ਆਗੂਆਂ ਤੇ ਵਰਕਰਾਂ ਦਰਮਿਆਨ ਝਗੜੇ ਹੋਇਆ ਤੇ ਕੁੱਝ ਜਣਿਆਂ ਨੂੰ ਸੱਟਾਂ ਲੱਗੀਆਂ। ਰਿਟਰਨਿੰਗ ਅਫ਼ਸਰ ਸਤਨਾਮ ਸਿੰਘ ਬੁੱਟਰ ਨੇ ਦੱਸਿਆ ਕਿ ਉਮੀਦਵਾਰ ਦੇ ਕਾਗਜ਼ ਸਹੀ ਨਹੀਂ ਹੋਣ ਕਾਰਨ 11 ਨੰਬਰ ਵਾਰਡ ਵਿੱਚ ਪੋਲਿੰਗ ਨਹੀਂ ਹੋਈ।
ਦੀਨਾਨਗਰ (ਸਰਬਜੀਤ ਸਾਗਰ): ਦੀਨਾਨਗਰ ’ਚ ਨਗਰ ਕੌਂਸਲ ਚੋਣਾਂ ਲਈ ਕੁੱਲ 72.5 ਫ਼ੀਸਦੀ ਵੋਟਾਂ ਪੋਲ ਹੋਈਆਂ। ਇੱਕ-ਦੋ ਘਟਨਾਵਾਂ ਨੂੰ ਛੱਡ ਕੇ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ। ਬਜ਼ੁਰਗਾਂ ਅਤੇ ਅੰਗਹੀਣਾਂ ’ਚ ਆਪਣੀ ਵੋਟ ਪਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਸੀ। ਵਾਰਡ-10 ’ਤੇ ਅਕਾਲੀ ਉਮੀਦਵਾਰ ਦੇ ਪਿਤਾ ਨੂੰ ਪੋਲਿੰਗ ਏਜੰਟ ਬਣਨ ਤੋਂ ਰੋਕਣ ’ਤੇ ਮਾਮਲ ਭਖ ਗਿਆ ਸੀ। ਵਾਰਡ-8 ਦੇ ਬੂਥ ’ਤੇ ਵੀ ਆਮ ਆਦਮੀ ਪਾਰਟੀ ਦੇ ਸਮਰਥਕ ਨੂੰ ਥੱਪੜ ਮਾਰ ਦੀ ਘਟਨਾ ਵਾਪਰੀ। ਵਿਧਾਇਕਾ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਬੂਥਾਂ ’ਤੇ ਸਥਿਤੀ ਦਾ ਜਾਇਜ਼ਾ ਲਿਆ।
ਦਸੂਹਾ (ਭਗਵਾਨ ਦਾਸ ਸੰਦਲ): ਇੱਥੇ 15 ਵਾਰਡਾਂ ਲਈ ਪਈਆਂ ਨਗਰ ਕੌਂਸਲ ਦੀਆਂ ਵੋਟਾਂ ਵਿਚ ਔਰਤਾਂ ਨੇ ਭਾਰੀ ਉਤਸ਼ਾਹ ਦਿਖਾਇਆ। ਇੱਕ ਦੋ ਥਾਂ ਕੁਝ ਤਕਰਾਰ ਹੋਈ ਪਰ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਪੋਲਿੰਗ ਬੂਥਾਂ ’ਤੇ ਅਪਾਹਜ ਅਤੇ ਬਜ਼ੁਰਗ ਵੋਟਰਾਂ ਲਈ ਵ੍ਹੀਲ ਚੇਅਰ ਆਦਿ ਦਾ ਕੋਈ ਪ੍ਰਬੰਧ ਨਹੀਂ ਸੀ। ਉਪ ਮੰਡਲ ਮੈਜਿਸਟ੍ਰੇਟ ਦਸੂਹਾ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਕਰੀਬ 68 ਫ਼ੀਸਦੀ ਤੋਂ ਉੱਪਰ ਵੋਟਿੰਗ ਹੋਵੇਗੀ।
ਬਟਾਲਾ (ਹਰਜੀਤ ਸਿੰਘ ਪਰਮਾਰ): ਨਗਰ ਨਿਗਮ ਬਟਾਲਾ ਦੀਆਂ ਚੋਣਾਂ ਦੌਰਾਨ ਤਿੰਨ ਬੂਥਾਂ ’ਤੇ ਹੋਈਆਂ ਝੜਪਾਂ ਤੋਂ ਇਲਾਵਾ ਬਾਕੀ ਸ਼ਹਿਰ ਵਿੱਚ ਸ਼ਾਂਤੀਪੂਰਵਕ ਵੋਟਿੰਗ ਸਮਾਪਤ ਹੋ ਗਈ। ਇਸ ਦੌਰਾਨ 65 ਫ਼ੀਸਦੀ ਵੋਟਿੰਗ ਹੋਈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜ਼ਿਲ੍ਹੇ ਦੇ ਸਾਰੇ 142 ਵਾਰਡਾਂ ਵਿਚ ਕੁੱਲ 66.68 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਕਾਦੀਆਂ ਵਿੱਚ ਅਕਾਲੀ ਉਮੀਦਵਾਰ ਦੀ ਪੱਗ ਲੱਥੀ
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਦੇ 15 ਵਾਰਡਾਂ ਵਿਚ ਅੱਜ ਵੋਟਾਂ ਪਈਆਂ। ਚੋਣ ਅਧਿਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਲਗਪਗ 65 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਦੂਜੇ ਪਾਸੇ, ਜਾਲੀ ਵੋਟਾਂ ਪਾਉਣ ਨੂੰ ਲੈ ਕੇ ਹੋਈ ਤਕਰਾਰ ਬਾਜ਼ੀ ’ਚ ਅਕਾਲੀ ਦਲ (ਬ) ਦੇ ਵਾਰਡ ਨੰਬਰ-8 ਤੋਂ ਉਮੀਦਵਾਰ ਗਗਨਦੀਪ ਸਿੰਘ ਗਿੰਨੀ ਭਾਟੀਆ ਦੀ ਪੱਗ ਲੱਥ ਗਈ। ਚੋਣ ਅਧਿਕਾਰੀ ਨੇ ਪੋਲਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਡੀਐਸਪੀ ਹਰਕਿਸ਼ਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪੋਲਿੰਗ ਸ਼ੁਰੂ ਕਰਵਾਈ। ਵੋਟਿੰਗ ਸਮਾਪਤ ਹੋਣ ਤੋਂ ਬਾਅਦ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਾਦੀਆਂ ਵਾਸੀਆਂ ਦਾ ਸ਼ਾਂਤੀਪੂਰਨ ਵੋਟਿੰਗ ਕੀਤੇ ਜਾਣ ਲਈ ਧੰਨਵਾਦ ਕੀਤਾ ਹੈ। ਅਕਾਲੀ ਦਲ (ਬਾਦਲ) ਦੀ ਵਾਰਡ-13 ਤੋਂ ਉਮੀਦਵਾਰ ਹਰਪਾਲ ਕੌਰ ਨੇ ਦੋਸ਼ ਲਾਇਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖ ਨੈਸ਼ਨਲ ਕਾਲਜ ਦੇ ਬਾਹਰ ਲਾਇਆ ਬੂਥ ਚੁਕਵਾ ਦਿੱਤਾ।