ਪੱਤਰ ਪ੍ਰੇਰਕ
ਪਠਾਨਕੋਟ, 26 ਸਤੰਬਰ
ਰਾਵੀ ਦਰਿਆ ਉਪਰ ਪੂਰਨ ਤੌਰ ਤੇ ਰੇਤ, ਬੱਜਰੀ ਦੀ ਮਾਈਨਿੰਗ ਕਰਨ ਦੀ ਮਨਾਹੀ ਹੋਣ ਕਾਰਨ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੋਏ ਪਏ ਹਨ। ਜਿਸ ਕਾਰਨ ਰੇਤ, ਬੱਜਰੀ ਮਿਲਣਾ ਬੇਹੱਦ ਮੁਸ਼ਕਲ ਹੋ ਗਿਆ ਹੈ ਅਤੇ ਇਸ ਦੇ ਰੇਟ ਅਸਮਾਨੀ ਚੜ੍ਹ ਜਾਣ ਨਾਲ ਲੋਕਾਂ ਲਈ ਘਰ ਬਣਾਉਣਾ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਇਕੱਲਾ ਇਹੀ ਨਹੀਂ ਜਿਹੜੇ ਠੇਕੇਦਾਰਾਂ ਨੇ ਸਰਕਾਰੀ ਠੇਕੇ ਲਏ ਹੋਏ ਹਨ, ਉਹ ਵੀ ਕੰਮ ਕਰਨ ਨੂੰ ਤਿਆਰ ਨਹੀਂ ਭਾਵ ਸੂਬੇ ਅੰਦਰ ਸਾਰੇ ਨਿਰਮਾਣ ਕਾਰਜ ਠੱਪ ਹੋਏ ਪਏ ਹਨ।
ਸਵਰਨ ਸਿੰਘ, ਪਵਨ ਕੁਮਾਰ, ਨੰਦ ਕਿਸ਼ੋਰ, ਗੋਪਾਲ, ਸੋਨੂ ਸ਼ਰਮਾ, ਕੁਨਾਲ ਭਗਤ ਆਦਿ ਮਜ਼ਦੂਰਾਂ ਨੇ ਦੱਸਿਆ ਕਿ ਗਰੀਬ ਲੋਕਾਂ ਨੂੰ ਕੁਟੀਆ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਰੇਤ, ਬੱਜਰੀ ਦਾ ਕਾਰੋਬਾਰ ਠੱਪ ਹੋਣ ਤੇ ਰਾਜ ਮਿਸਤਰੀ, ਮਜ਼ਦੂਰ ਆਦਿ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਲਈ ਘਰ ਵਿੱਚ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਦੁੱਭਰ ਹੋ ਗਿਆ ਹੈ ਜੋ ਲੋਕ ਕੰਮ ਸ਼ੁਰੂ ਕਰ ਚੁੱਕੇ ਹਨ, ਉਨ੍ਹਾਂ ਨੂੰ ਪੂਰਾ ਕਰਨ ਵੀ ਦੁਰਲਭ ਹੋ ਗਿਆ ਹੈ ਕਿਉਂਕਿ ਜੇਕਰ ਕਿਤੋਂ ਰੇਤ, ਬੱਜਰੀ ਮਿਲ ਵੀ ਜਾਵੇ ਤਾਂ ਉਸ ਨੂੰ 7 ਤੋਂ 8 ਹਜ਼ਾਰ ਪ੍ਰਤੀ ਸੈਂਕੜਾ ਦੇਣੇ ਪੈਂਦੇ ਹਨ। ਰਾਜ ਮਿਸਤਰੀ ਬਿੱਲੂ, ਸੋਨੂੰ ਅਿਾਦ ਨੇ ਕਿਹਾ ਕਿ ਮਿਸਤਰੀ ਅਤੇ ਮਜ਼ੂਦਰ ਹਰ ਰੋਜ਼ ਇਥੇ ਸਵੇਰੇ ਵਿਸ਼ਵਕਰਮਾ ਚੌਂਕ ਵਿੱਚ ਆ ਕੇ ਬੈਠਦੇ ਹਨ ਅਤੇ ਬਿਨਾ ਕੰਮ ਮਿਲੇ ਘਰ ਨੂੰ ਪਰਤ ਜਾਂਦੇ ਹਨ।