ਪੱਤਰ ਪ੍ਰੇਰਕ
ਤਰਨ ਤਾਰਨ, 30 ਅਗਸਤ
ਜਨਤਕ ਜਥੇਬੰਦੀਆਂ ਵੱਲੋਂ ਇਲਾਕੇ ਦੇ ਪਿੰਡ ਰਟੌਲ ਵਿੱਚ ਅੱਜ ਵਿਖਾਵਾ ਕਰਕੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਦਾ ਪੁਤਲਾ ਸਾੜਿਆ ਗਿਆ| ਇਸ ਮੌਕੇ ਕੀਤੇ ਵਿਖਾਵੇ ਵਿੱਚ ਆਸ ਪਾਸ ਦੇ ਪਿੰਡਾਂ ਤੋਂ ਕਿਸਾਨ-ਮਜ਼ਦੂਰ ਸ਼ਾਮਲ ਹੋਏ| ਜਥੇਬੰਦੀਆਂ ਦੇ ਆਗੂ ਨਰਿੰਦਰ ਸਿੰਘ ਰਟੌਲ, ਅਮਰਜੀਤ ਸਿੰਘ ਕੋਟਲੀ, ਅੰਗਰੇਜ਼ ਸਿੰਘ ਕੋਟਲੀ, ਕੁਲਵੰਤ ਸਿੰਘ ਗੋਹਲਵੜ, ਬਲਦੇਵ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ 27 ਅਗਸਤ ਨੂੰ ਅਧਿਕਾਰੀ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਉਸ ਵੇਲੇ ਦੁਰਵਿਵਹਾਰ ਕੀਤਾ ਗਿਆ ਸੀ ਜਦੋਂ ਉਹ ਪਿੰਡਾਂ ਅੰਦਰ ਗਰੀਬ ਵਰਗਾਂ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ-ਦਾਲ ਵਿੱਚ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਜਾਂਚ ਕਰਨ ਦੀ ਮੰਗ ਕਰਨ ਲਈ ਉਸ ਦੇ ਦਫ਼ਤਰ ਗਏ ਸਨ|
ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਦੇ ਕਰਿੰਦੇ ਅਤੇ ਅਧਿਕਾਰੀ ਸਰਕਾਰੀ ਸਕੀਮਾਂ ਦੇ ਲਾਭ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਦੇ ਰਹੇ ਹਨ| ਆਗੂਆਂ ਨੇ ਕਿਹਾ ਕਿ ਇਵੇਂ ਇਨ੍ਹਾਂ ਸਕੀਮਾਂ ਦੇ ਲਾਭਾਂ ਤੋਂ ਯੋਗ ਗਰੀਬ ਵਰਗਾਂ ਦੇ ਲੋਕਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ| ਆਗੂਆਂ ਨੇ ਇਨ੍ਹਾਂ ਬੇਨਿਯਮੀਆਂ ਵਿੱਚ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ|