ਪੱਤਰ ਪ੍ਰੇਰਕ
ਸ਼ਾਹਕੋਟ, 22 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਜਲੰਧਰ, ਹੁਸ਼ਿਆਰਪੁਰ ਅਤੇ ਤਰਨਤਾਰਨ ਨੇ ਪਿੰਡ ਮਲਸੀਆਂ ਵਿਚੋਂ ਲੰਘਦੀ ਚਿੱਟੀ ਵੇਈਂ ਦੇ ਪੁਲ ਦੇ ਨਜ਼ਦੀਕ ਚੌਗਿਰਦੇ ਅਤੇ ਪਾਣੀਆਂ ਨੂੰ ਬਚਾਉਣ ਲਈ ਧਰਨਾ ਲਗਾਇਆ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਨਾਲ ਧਰਤੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਵਾਤਾਵਰਨ ਲਈ ਅਮਰੀਕੀ ਮਾਡਲ ਅਤੇ ਹਰਾ ਇਨਕਲਾਬ ਹੀ ਜ਼ਿੰਮੇਵਾਰ ਹੈ। ਕੋਕਰੀ ਨੇ ਕੇਂਦਰੀ ਸਰਕਾਰ ਵੱਲੋਂ ਐੱਮਐੱਸਪੀ ਲਈ ਬਣਾਈ ਕਮੇਟੀ ’ਤੇ ਡੂੰਘਾ ਇਤਰਾਜ਼ ਜਤਾਇਆ। ਧਰਨੇ ਦੌਰਾਨ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਪਾਣੀ ਨੂੰ ਸੰਸਾਰ ਬੈਂਕ ਹਵਾਲੇ ਕੀਤੇ ਜਾ ਰਹੇ ਕਦਮਾਂ ਨੂੰ ਰੱਦ ਕੀਤਾ ਜਾਵੇ। ਦਰਿਆਵਾਂ, ਨਹਿਰਾਂ ਅਤੇ ਵੇਈਆਂ ਦੇ ਪਾਣੀਆਂ ਨੂੰ ਪ੍ਰਦੂਸਿਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਅਤੇ 23 ਫ਼ਸਲਾਂ ਉੱਪਰ ਐੱਮਐੱਸਪੀ ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ। ਬਰਸਾਤਾਂ ਅਤੇ ਅਣਵਰਤੇ ਪਾਣੀ ਨੂੰ ਰੀਚਾਰਜ ਕਰਕੇ ਪਾਣੀਆਂ ਦੀ ਸੰਭਾਲ ਲਈ ਉਚੇਚੇ ਕਦਮ ਚੁੱਕੇ ਜਾਣ।
ਤਰਨ ਤਾਰਨ (ਪੱਤਰ ਪ੍ਰੇਰਕ): ‘ਪਾਣੀ ਤੇ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹੇ ਅੰਦਰ ਹਰੀਕੇ ਅਤੇ ਲੌਹੁਕਾ ਦੀ ਸ਼ਰਾਬ ਫੈਕਟਰੀ ਸਾਹਮਣੇ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਹ ਪੰਜ-ਰੋਜ਼ਾ ਧਰਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਾਂਝੇ ਤੌਰ ’ਤੇ ਦਿੱਤੇ ਜਾ ਰਹੇ ਹਨ| ਧਰਨਾਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧਵਾ, ਸਤਨਾਮ ਸਿੰਘ ਮਾਨੋਚਾਹਲ, ਫਤਿਹ ਸਿੰਘ ਪਿੱਦੀ, ਤਰਸੇਮ ਸਿੰਘ ਧਾਰੀਵਾਲ, ਹਰਜਿੰਦਰ ਸਿੰਘ ਸ਼ਕਰੀ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਲੌਹੁਕਾ ਦੀ ਸ਼ਰਾਬ ਫੈਕਟਰੀ ਵਲੋਂ ਜ਼ਹਿਰੀਲੇ ਪਾਣੀ ਨਾਲ ਜ਼ਮੀਨ ਹੇਠਲਾ ਪਾਣੀ ਗੰਧਲਾ ਹੋ ਰਿਹਾ ਹੈ|