ਨਰਿੰਦਰ ਸਿੰਘ/ਗੁਰਬਖ਼ਸ਼ਪੁਰੀ
ਭਿੱਖੀਵਿੰਡ/ਤਰਨ ਤਾਰਨ 1 ਮਾਰਚ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਗਵਾਈ ਹੇਠ ਸਰਹੱਦੀ ਪਿੰਡ ਬਿੱਧੀ ਚੰਦ ਛੀਨਾ ਦੇ ਪਿੰਡ ਵਾਸੀਆਂ ਵੱਲੋਂ ਸਿਆਸੀ ਰੰਜਿਸ਼ ਤਹਿਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਵੱਲੋਂ ਦਰਜ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਲਈ ਅੱਜ ਥਾਣੇ ਦੇ ਬਾਹਰ ਅਣਮਿੱਥੇ ਸਮੇਂ ਧਰਨਾ ਲਗਾ ਦਿੱਤਾ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖ਼ਰੀਦੀ ਜਗ੍ਹਾ ’ਤੇ ਪੰਚਾਇਤ ਵਲੋਂ ਕੁਝ ਲੋਕਾਂ ਰਾਹੀਂ ਕਥਿਤ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਉਨ੍ਹਾਂ ਦੇ ਮੈਂਬਰਾਂ ਦੇ ਸੱਟਾਂ ਵੀ ਲੱਗੀਆਂ। ਪੁਲੀਸ ਨੇ ਦੋਵਾਂ ਧਿਰਾਂ ਦੇ 15-15 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਸਨ, ਪਰ ਕੁਝ ਦਿਨਾਂ ਬਾਅਦ ਸਿਆਸੀ ਧਿਰ ਵੱਲੋਂ ਪੁਰਾਣੀ ਤਰੀਕ ਪਾ ਕੇ ਤਿੰਨ ਕਿਸਾਨ ਆਗੂਆਂ ’ਤੇ ਪਰਚਾ ਦਰਜ ਕਰਾ ਦਿੱਤਾ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਉਹ ਦਿੱਲੀ ਧਰਨੇ ਵਿਚ ਗਏ ਹੋਏ ਸਨ।
ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਗੰਡੀਵਿੰਡ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਪੁਲੀਸ ਤਰਨ ਤਾਰਨ ਦੇ ਵਿਧਾਇਕ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ ਤੇ ਪੁਲੀਸ ਵੱਲੋਂ 12 ਸਾਲ ਤੋਂ ਲੈ ਕੇ 18 ਤੱਕ ਦੇ ਬੱਚਿਆਂ ’ਤੇ ਵੀ ਕੇਸ ਦਰਜ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਚਿਰ ਤੱਕ ਇਹ ਧਰਨਾ ਦਿਨ ਰਾਤ ਜਾਰੀ ਰਹੇਗਾ। ਭਲਕੇ ਤੋਂ ਇਸ ਵਿਚ ਹੋਰ ਜਥੇਬੰਦੀਆਂ ਸ਼ਾਮਿਲ ਹੋਣਗੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੁਲੀਸ ਤੇ ਸਿਆਸੀ ਆਗੂਆਂ ਦੀ ਅਰਥੀ ਸਾੜੀ ਗਈ|
ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ: ਪੁਲੀਸ
ਥਾਣਾ ਸਰਾਏ ਅਮਾਨਤ ਖਾਂ ਦੇ ਸਬ-ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਖ਼ਿਲਾਫ਼ ਬਰਾਬਰ ਦੇ ਪਰਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਪੜਤਾਲ ਮਗਰੋਂ ਹੀ ਕੁਝ ਦੱਸਿਆ ਜਾਵੇਗਾ।