ਪੱਤਰ ਪ੍ਰੇਰਕ
ਤਰਨ ਤਾਰਨ, 23 ਦਸੰਬਰ
ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ ਪਹਿਲੇ ਦਿਨ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ| ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਸਾਂਝਾ ਮੋਰਚਾ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਆਗੂ ਸੀਮਾ ਸੋਹਲ, ਗੁਰਵੰਤ ਕੌਰ, ਲਖਵਿੰਦਰ ਕੌਰ ਅਤੇ ਕੁਲਵੰਤ ਕੌਰ ਦੀ ਅਗਵਾਈ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਅੱਜ ਇੱਥੇ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ| ਆਗੂਆਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਸੂਬਾ ਸਰਕਾਰ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਤਹਿਤ ਅੱਜ 23 ਦਸੰਬਰ ਤੋਂ 30 ਦਸੰਬਰ ਤੱਕ ਵਿਭਾਗ ਦਾ ਕੰਮ ਠੱਪ ਰੱਖਿਆ ਜਾ ਰਿਹਾ ਹੈ ਅਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ’ਤੇ ਜਥੇਬੰਦੀ 31 ਦਸੰਬਰ ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨਾ ਦੇਵੇਗੀ| ਜਥੇਬੰਦੀ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰਦੀ ਹੈ। ਤਲਵਾੜਾ (ਦੀਪਕ ਠਾਕੁਰ): ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਐੱਨਐੱਚਐੱਮ ਪੰਜਾਬ ਦੇ ਸੱਦੇ ’ਤੇ ਪੀਐੱਚਸੀ ਹਾਜੀਪੁਰ ਤੇ ਸੀਐੱਚਸੀ ਬੁਢਾਬੜ ਦੇ ਸਿਹਤ ਕਾਮਿਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦਿਆਂ ਸਟੇਟ ਕਮੇਟੀ ਮੈਂਬਰ ਰਾਕੇਸ਼ ਕੁਮਾਰ, ਪੈਰਾਮੈਡੀਕਲ ਯੂਨੀਅਨ ਦੇ ਪ੍ਰਧਾਨ ਰਾਜਦੀਪ ਸਿੰਘ, ਐਨਐਚਐਮ ਹਾਜੀਪੁਰ ਅਤੇ ਬੁਢਾਬੜ ਪ੍ਰਧਾਨ ਮੁਕੇਸ਼ ਡਡਵਾਲ ਤੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਰਾਤ ਦਿਨ ਕੰਮ ਕਰਨ ਦਾ ਇਨਾਮ ਪੰਜਾਬ ਸਰਕਾਰ ਨੇ ਸਿਹਤ ਕਾਮਿਆਂ ਦੇ ਭੱਤਿਆਂ ’ਚ ਕਟੌਤੀ ਕਰਕੇ ਦਿੱਤਾ ਹੈ। ਜਦਕਿ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਨਾ ਹੀ ਕੋਈ ਮਾਣ ਭੱਤਾ ਦਿੱਤਾ ਅਤੇ ਨਾ ਹੀ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕੀਤੀਆਂ ਹਨ। ਸਿਹਤ ਕਾਮਿਆਂ ਨੇ ਪੰਜਾਬ ਸਰਕਾਰ ਤੋਂ ਉਪਰੋਕਤ ਮੰਗਾਂ ਨਾ ਮੰਨੇ ਜਾਣ ’ਤੇ ਐਮਰਜੰਸੀ ਸੇਵਾਵਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ। ਭੜਕੇ ਸਿਹਤ ਕਰਮਚਾਰੀਆਂ ਨੇ ਹਾਜੀਪੁਰ ਟੀ ਪੁਆਇੰਟ ’ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਅਗਨ ਭੇਟ ਕੀਤਾ।
ਫਾਰਮੇਸੀ ਮੁਲਾਜ਼ਮਾਂ ਵੱਲੋਂ ਖਰੜ ਵਿੱਚ ਪੱਕਾ ਧਰਨਾ ਅੱਜ ਤੋਂ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ (ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ) ਅਤੇ ਪੰਜਾਬ ਫਾਰਮੇਸੀ ਅਫ਼ਸਰ ਐਸੋਸੀਏਸ਼ਨ (ਸਿਹਤ ਵਿਭਾਗ) ਦੀ ਸਾਂਝੀ ਮੀਟਿੰਗ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸਠਿਆਲੀ ਤੇ ਸ਼ੁਭਮ ਸ਼ਰਮਾ ਬਠਿੰਡਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਚੇਅਰਮੈਨ ਜੋਤ ਰਾਮ ਮਦਨੀਪੁਰ , ਸੁਖਬੀਰ ਸਿੰਘ ਮੋਗਾ, ਹਰਿੰਦਰ ਸਿੰਘ ਧੂੰਦਾ, ਸਵਾਰਤ ਸ਼ਰਮਾ, ਦੀਪ ਕੰਬੋਜ, ਕਮਲ ਅਵਸਥੀ, ਗੁਰਜੀਤ ਸਿੰਘ ਭਿੰਡਰ, ਕਮਲਜੀਤ ਸਿੰਘ ਚੌਹਾਨ, ਬਲਜੀਤ ਸਿੰਘ ਹੁਸ਼ਿਆਰਪੁਰ, ਹਰਪਾਲ ਮਾਨਸਾ, ਬਲਜੀਤ ਕੌਰ ਮੋਗਾ, ਨਵਜੋਤ ਕੋਰ ਅੰਮ੍ਰਿਤਸਰ, ਰਾਜ ਰਾਣੀ, ਰੁਪਿੰਦਰ ਕੌਰ ਮੋਰਿੰਡਾ, ਬਲਦੀਸ਼ ਕੋਰ, ਟੀਨਾ ਰੋਪੜ ਆਦਿ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ 24 ਦਸੰਬਰ ਨੂੰ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਖਰੜ ਵਿਖੇ ਰੋਸ ਰੈਲੀ ਕਰਕੇ ਪੱਕਾ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ।