ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 28 ਦਸੰਬਰ
ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ਼ਂ ਸਾਂਝੇ ਮੋਰਚੇ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 30 ਦਸੰਬਰ ਤਕ ਲਗਾਤਾਰ ਕੀਤੀ ਜਾ ਹੜਤਾਲ ਦੌਰਾਨ ਅੱਜ ਬਲਾਕ ਮਾਨਾਂਵਾਲਾ ਅਤੇ ਬਲਾਕ ਵੇਰਕਾ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਰਬਜੀਤ ਕੌਰ ਛੱਜਲਵੱਡੀ, ਹਰਿੰਦਰ ਐਮਾ, ਬਲਜਿੰਦਰ ਕੌਰ ਵੇਰਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਡੀ.ਐਮ.ਐਫ ਅਤੇ ਡੀ.ਟੀ.ਐਫ ਦੇ ਸੂਬਾਈ ਆਗੂ ਅਸ਼ਵਨੀ ਅਵਸਥੀ ਅਤੇ ਗੁਰਬਿੰਦਰ ਸਿੰਘ ਖਹਿਰਾ ਨੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪੂਰਨ ਹਮਾਇਤ ਦਿੱਤੀ।
ਰਈਆ(ਪੱਤਰ ਪ੍ਰੇਰਕ): ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਸੱਦੇ ’ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤਹਿਸੀਲ ਬਾਬਾ ਬਕਾਲਾ ਦੀ ਅਗਵਾਈ ਹੇਠ ਆਸ਼ਾ ਵਰਕਰਾਂ, ਫੈਸੀਲੀਟੇਟਰ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਅਧਿਆਪਕਾਂ ਅਤੇ ਜਲ ਸਪਲਾਈ ਤੇ ਨਹਿਰੀ ਕਾਮਿਆਂ ਨੇ 28-29 ਦਸੰਬਰ ਦੀ ਦੋ ਰੋਜ਼ਾ ਮੁਕੰਮਲ ਹੜਤਾਲ ਦੀ ਸ਼ੁਰੂਆਤ ਕੀਤੀ। ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਰੋਸ ਰੈਲੀ ਕੀਤੀ ਅਤੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਜੀ.ਟੀ. ਰੋਡ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਰਥੀ ਫੂਕੀ।