ਪੱਤਰ ਪ੍ਰੇਰਕ
ਗੁਰਦਾਸਪੁਰ, 30 ਅਗਸਤ
ਆਟੋ ਰਿਕਸ਼ਾ ਚਾਲਕਾਂ ਅਤੇ ਈ ਰਿਕਸ਼ਾ ਚਾਲਕਾਂ ਨੇ ਦਰਪੇਸ਼ ਮੁਸ਼ਕਿਲਾਂ ਨੂੰ ਲੈ ਕੇ ਜੇਲ ਰੋਡ ਸਥਿਤ ਪੁੱਡਾ ਪਾਰਕ ਵਿੱਚ ਆਗੂ ਦਿਨੇਸ਼ ਕੁਮਾਰ, ਰਾਜੇਸ਼ ਕੁਮਾਰ ਅਤੇ ਲਾਲ ਝੰਡਾ ਆਟੋ ਰਿਕਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਅਤੇ ਜਨਰਲ ਸਕੱਤਰ ਪਰਮ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਆਟੋ ਚਾਲਕਾਂ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਉੱਤੇ ਮੁਸ਼ਕਿਲਾਂ ਦੇ ਹੱਲ ਲਈ ਕੋਈ ਕਾਰਵਾਈ ਨਾ ਕਰਨ ਦੋ ਦੋਸ਼ ਵੀ ਲਾਇਆ। ਆਟੋ ਰਿਕਸ਼ਾ ਚਾਲਕਾਂ ਨੇ ਕਿਹਾ ਕਿ ਸ਼ਹਿਰ ਅੰਦਰ ਆਟੋ ਚਲਾ ਕੇ ਮੁਸ਼ਕਿਲ ਹਾਲਾਤ ਵਿੱਚ ਆਪਣਾ ਪਰਿਵਾਰ ਪਾਲ ਰਹੇ ਹਨ। ਲੇਕਿਨ ਕੁਝ ਲੋਕਾਂ ਵੱਲੋਂ ਸਿਆਸੀ ਅਸਰ ਰਸੂਖ ਵਰਤ ਕੇ ਆਟੋ ਚਲਾਉਣ ਤੋਂ ਜ਼ਬਰਨ ਰੋਕਿਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਆਟੋ ਰਿਕਸ਼ਾ ਵਰਕਰਜ਼ ਯੂਨੀਅਨ ਸਬੰਧਤ ਸੀਟੀਯੂ ਵੱਲੋਂ ਐੱਸਐੱਸਪੀ ਤੇ ਆਰਟੀਏ ਵਿਭਾਗ ਦੇ ਸਕੱਤਰ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਮਸਲੇ ਤੋਂ ਜਾਣੂ ਵੀ ਕਰਵਾ ਕੇ ਕਾਰਵਾਈ ਦਾ ਹੱਲ ਕਰਨ ਦੀ ਮੰਗ ਕਰਨ ਦੇ ਬਾਵਜੂਦ ਅੱਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਜਿਸ ਕਾਰਨ ਉਨ੍ਹਾਂ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਸੀਟੀਯੂ ਪੰਜਾਬ ਦੇ ਵਿੱਤ ਸਕੱਤਰ ਕਾਮਰੇਡ ਸ਼ਿਵ ਕੁਮਾਰ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਆਟੋ ਚਾਲਕਾਂ ਦੀ ਮੀਟਿੰਗ ਕਰਕੇ ਦੋ ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ’ਤੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਚਾਲਕ ਪਰਿਵਾਰਾਂ ਸਮੇਤ ਰੋਸ ਧਰਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਅੱਗਲੇ ਸੰਘਰਸ਼ ਦੀ ਰੁੂਪ-ਰੇਖਾ ਦਾ ਐਲਾਨ ਵੀ ਕੀਤਾ ਜਾਵੇਗਾ ਤੇ ਸਮੱਸਿਆ ਦੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ।