ਪੱਤਰ ਪ੍ਰੇਰਕ
ਤਰਨ ਤਾਰਨ, 19 ਸਤੰਬਰ
ਜ਼ਿਲ੍ਹੇ ਵਿੱਚੋਂ ਲੰਘਦੇ ਕੌਮੀ ਸ਼ਾਹ ਮਾਰਗ ਨੰਬਰ 54 ਦੇ ਫਲਾਈਓਵਰਾਂ ਦੀਆਂ ਲਾਈਟਾਂ ਬੀਤੇ ਛੇ ਮਹੀਨਿਆਂ ਤੋਂ ਬੰਦ ਪਈਆਂ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਸਮਾਂ ਟੌਲ ਪਲਾਜ਼ਾ ਦੇ ਮੈਨੇਜਰ ਨੂੰ ਅੱਜ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਜਥੇਬੰਦੀ ਦੇ ਆਗੂ ਬਲਜਿੰਦਰ ਸਿੰਘ ਸ਼ੇਰੋਂ, ਅਮਨਦੀਪ ਸਿੰਘ ਆਦਿ ਨੇ ਪਲਾਜ਼ਾ ਦੇ ਮੈਨੇਜਰ ਦੇ ਧਿਆਨ ਵਿੱਚ ਲਿਆਂਦਾ ਕਿ ਜ਼ਿਲ੍ਹੇ ਦੇ ਬਾਠ ਰੋਡ ਤਰਨ ਤਾਰਨ, ਜੰਡਿਆਲਾ ਰੋਡ, ਸ਼ੇਰੋਂ, ਅਲਾਦੀਨਪੁਰ, ਸਰਹਾਲੀ ਆਦਿ ਦੇ ਫਲਾਈਓਵਰਾਂ ਦੇ ਉੱਤੇ ਅਤੇ ਹੇਠਾਂ ਦੀਆਂ ਸਾਰੀਆਂ ਲਾਈਟਾਂ ਛੇ ਮਹੀਨਿਆਂ ਤੋਂ ਬੰਦ ਚਲ ਰਹੀਆਂ ਹਨ| ਕਿਸਾਨ ਆਗੂਆਂ ਕਿਹਾ ਕਿ ਇਸ ਸਥਿਤੀ ਦੇ ਚਲਦਿਆਂ ਇਥੇ ਆਏ ਦਿਨ ਹਾਦਸਿਆਂ ਦੇ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਜਥਬੰਦੀ ਨੇ ਮੰਗਾਂ ਦੇ ਨਾ ਮੰਨੇ ਜਾਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ।