ਦਿਲਬਾਗ ਸਿੰਘ ਗਿੱਲ
ਅਟਾਰੀ, 17 ਮਾਰਚ
ਲਾਹੌਰ ਵਿੱਚ 31ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਸੁਰਤਾਲ’ ਸ਼ਾਹਮੁਖੀ’ ਬਾਬਾ ਨਜ਼ਮੀ ਤੇ ਸਾਥੀਆਂ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਪੁਸਤਕ ਬਾਰੇ ਨੌਜਵਾਨ ਪੰਜਾਬੀ ਕਵੀ ਅਫਜ਼ਲ ਸਾਹਿਰ ਨੇ ਕਿਹਾ ਕਿ 1999 ਤੋਂ ਉਹ ਗੁਰਭਜਨ ਗਿੱਲ ਦੀ ਸ਼ਾਇਰੀ ਦਾ ਹਮਸਫ਼ਰ ਹੈ। ਬਾਬਾ ਨਜ਼ਮੀ ਨੇ ਕਿਹਾ ਕਿ ਗੁਰਭਜਨ ਗਿੱਲ ਨਾਲ ਉਨ੍ਹਾਂ ਦੀ ਸ਼ਬਦ ਸਾਂਝ ਹੀ ਸੱਜਣਤਾਈ ਦੀ ਬੁਨਿਆਦ ਹੈ। ‘ਸੁਰਤਾਲ’ ਬਾਰੇ ਉਨ੍ਹਾਂ ਨੇ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨਾਂ ਵਿੱਚ ਲਿਖਿਆ ਵੀ ਹੈ।
‘ਸੁਰਤਾਲ’ ਨੂੰ ਮੁਦੱਸਰ ਬੱਟ ਮੁੱਖ ਸੰਪਾਦਕ ‘ਭੁਲੇਖਾ’, ਬਾਬਾ ਨਜ਼ਮੀ, ਅਫ਼ਜ਼ਲ ਸਾਹਿਰ, ਡਾ. ਦੀਪਕ ਮਨਮੋਹਨ ਸਿੰਘ, ਡਾ. ਅਬਦਾਲ ਬੇਲਾ, ਹਰਵਿੰਦਰ ਚੰਡੀਗੜ੍ਹ, ਗੁਰਬਖ਼ਸ਼ ਕੌਰ ਰਾਏ ਅਤੇ ਦਰਸ਼ਨ ਬੁੱਟਰ ਨੇ ਲੋਕ ਅਰਪਣ ਕੀਤਾ ਹੈ। ਇਸ ਮੌਕੇ ਗੁਰਭਜਨ ਗਿੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਬਾਬਾ ਨਜ਼ਮੀ ਨੂੰ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ।