ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 14 ਅਕਤੂਬਰ
ਸ਼ਹਿਰ ਦੇ ਕਾਰੋਬਾਰੀ ਨੂੰ ਸਾਈਬਰ ਠਗਾਂ ਨੇ 52 ਹਜ਼ਾਰ ਦਾ ਚੂਨਾ ਲਗਾਇਆ ਹੈ। ਪੀੜਤ ਦੀਪਕ ਮਹਾਜਨ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਕਰੀਬ ਦੋ ਵਜੇ ਉਸ ਦੇ ਫ਼ੋਨ ’ਤੇ ਸੁਨੇਹਾ ਆਇਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪੈਨ ਨੰਬਰ ਨੂੰ ਅਪਡੇਟ ਕਰਨ ਲਈ ਦਿੱਤੇ ਗਏ ਲਿੰਕ ਨੂੰ ਕਲਿੱਕ ਕੀਤਾ ਜਾਵੇ ਨਹੀਂ ਤਾਂ ਉਸ ਦੀ ਨੈੱਟ ਬੈਂਕਿੰਗ ਬਲਾਕ ਕਰ ਦਿੱਤੀ ਜਾਵੇਗੀ। ਦੀਪਕ ਵੱਲੋਂ ਲਿੰਕ ’ਤੇ ਕਲਿੱਕ ਕੀਤੇ ਜਾਣ ਮਗਰੋਂ ਨੈੱਟ ’ਤੇ ਖੁੱਲ੍ਹਣ ਵਾਲੀ ਸਾਈਟ ਵਿੱਚ ਓਟੀਪੀ ਦੀ ਮੰਗ ਕੀਤੀ ਗਈ ਜੋ ਕਿ ਆਪਣੇ ਆਪ ਭਰ ਦਿੱਤੇ ਜਾਣ ਵਾਲੀ ਸੀ। ਇਹ ਸਾਈਟ ਬਿਲਕੁਲ ਕਿਸੇ ਬੈਂਕ ਦੀ ਸਾਈਟ ਹੀ ਪ੍ਰਤੀਤ ਹੁੰਦੀ ਸੀ। ਪਾਸਵਰਡ ਭਰੇ ਜਾਣ ’ਤੇ ਦੀਪਕ ਦੇ ਬੈਂਕ ਖਾਤੇ ਵਿੱਚੋਂ ਉਸੇ ਸਮੇਂ 50 ਹਜ਼ਾਰ ਅਤੇ ਥੋੜ੍ਹੀ ਦੇਰ ਬਾਅਦ 2 ਹਜ਼ਾਰ ਦੀ ਰਕਮ ਨਿਕਲ ਗਈ। ਦੀਪਕ ਮਹਾਜਨ ਵੱਲੋਂ ਘਟਨਾ ਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਗਈ ਹੈ।