ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 2 ਮਾਰਚ
ਇਥੇ ਜੋਤੀਸਰ ਕਲੋਨੀ ’ਚ ਪਿਛਲੇ ਚਾਰ ਮਹੀਨਿਆਂ ਤੋਂ ਸੀਵਰੇਜ ਬੰਦ ਹੋਣ ਕਾਰਨ ਇਲਾਕੇ ਦੇ ਬਹੁਤ ਸਾਰੇ ਘਰਾਂ, ਗਲੀਆਂ ਤੇ ਸੇਂਟ ਸੋਲਜਰ ਸਕੂਲ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਹੈ। ਅੱਜ ਐੱਮਡੀ ਸੇਂਟ ਸੋਲਜਰ ਸਕੂਲ ਡਾ. ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਹੇਠ ਜੋਤੀਸਰ ਵਾਸੀਆਂ ਨੇ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਗੁਰੂ ਸੰਜੀਵ ਲਵਲੀ ਨੂੰ ਮੰਗ ਪੱਤਰ ਸੌਂਪਿਆ। ਡਾ. ਕਿਸ਼ਨਪੁਰੀ ਤੇ ਜੋਤੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਸੀਵਰੇਜ ਬੰਦ ਹੋਣ ਨਾਲ ਪਾਣੀ ਦੀ ਨਿਕਾਸੀ ਰੁਕ ਗਈ ਹੈ ਤੇ ਪਾਣੀ ਓਵਰਫਲੋ ਹੋ ਕੇ ਸੜਕਾਂ, ਗਲੀਆਂ ਤੇ ਘਰਾਂ ’ਚ ਆ ਰਿਹਾ ਹੈ ਜੋ ਮੁਹੱਲਾ ਵਾਸੀਆਂ ਲਈ ਪ੍ਰੇਸ਼ਾਨੀ ਬਣ ਰਿਹਾ ਹੈ ਕਿਉਂਕਿ ਪਾਣੀ ਕਾਰਨ ਗਲੀਆਂ ਤੇ ਸੜਕਾਂ ਵਿੱਚੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਮਹੀਨਿਆਂ ਤੋਂ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਕਿਸੇ ਨੇ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਹਾਰ ਕੇ ਸਾਰੇ ਮੁਹੱਲੇ ਦੇ ਲੋਕਾਂ ਨੂੰ ਨਗਰ ਕੌਂਸਲ ਆ ਕੇ ਪ੍ਰਧਾਨ ਨੂੰ ਮੰਗ ਪੱਤਰ ਦੇਣਾ ਪਿਆ।
ਮੌਕੇ ’ਤੇ ਨਗਰ ਕੌਂਸਲ ਪ੍ਰਧਾਨ ਲਵਲੀ ਵੱਲੋਂ ਨਗਰ ਕੌਂਸਲ ਦੇ ਐੱਸਓ ਗਗਨਦੀਪ ਸਿੰਘ ਨੂੰ ਬੁਲਾ ਕੇ ਅੰਮ੍ਰਿਤਸਰ ਵਾਸੀਆਂ ਦੀ ਇਸ ਮੁਸ਼ਕਲ ਦੇ ਹੱਲ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦਾ ਰੱਖ ਰਖਾਓ ਤੇ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਸੀਵਰੇਜ ਵਿਭਾਗ ਕੋਲ ਹੈ ਕਿਉਂਕਿ ਹਰ ਮਹੀਨੇ ਉਨ੍ਹਾਂ ਨੂੰ 4.50 ਲੱਖ ਰੁਪਏ ਨਗਰ ਕੌਂਸਲ ਵੱਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਸਬੰਧੀ ਉਨ੍ਹਾਂ ਕੋਲ ਕਾਨੂੰਨਨ ਕੋਈ ਅਧਿਕਾਰ ਨਹੀਂ ਹੈ। ਮੰਗ ਪੱਤਰ ਸੌਂਪਣ ਮੌਕੇ ਲੋਕਾਂ ਨੇ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਦੋ ਦਿਨਾਂ ’ਚ ਸਾਰਾ ਕੰਮ ਹੋ ਜਾਵੇਗਾ।
ਇਸ ਸਬੰਧੀ ਸੀਵਰੇਜ ਬੋਰਡ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੰਡਿਆਲਾ ਗੁਰੂ ਸੀਵਰੇਜ ਦੀ ਮੈਂਟੀਨੈਂਸ ਸੀਵਰੇਜ ਬੋਰਡ ਨੇ ਨਗਰ ਕੌਂਸਲ ਨੂੰ ਸੌਂਪ ਦਿੱਤੀ ਹੈ ਤੇ ਇਸ ਦੀ ਸਫ਼ਾਈ ਦੀ ਜ਼ਿੰਮੇਵਾਰੀ ਨਗਰ ਕੌਂਸਲ ਜੰਡਿਆਲਾ ਗੁਰੂ ਦੀ ਹੈ। ਇਸ ਦੇ ਜੁਆਬ ’ਚ ਨਗਰ ਕੌਂਸਲ ਦੇ ਐੱਸਓ ਗਗਨਦੀਪ ਸਿੰਘ ਨੇ ਕਿਹਾ ਕਿ ਕੌਂਸਲਰ ਹਾਊਸ ਨੇ ਮਤਾ ਪਾ ਕੇ ਸੀਵਰੇਜ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਨੂੰ ਦਿੱਤੀ ਹੈ ਤੇ ਜਦੋਂ ਤੱਕ ਕੌਂਸਲ ਹਾਊਸ ਮਤਾ ਪਾ ਕੇ ਇਸ ਨੂੰ ਸੀਵਰੇਜ ਬੋਰਡ ਕੋਲੋਂ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਸ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੀ ਬਣਦੀ ਹੈ।