ਹਰਜੀਤ ਸਿੰਘ ਪਰਮਾਰ
ਬਟਾਲਾ, 2 ਫਰਵਰੀ
ਵਿਧਾਨ ਸਭਾ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਨੂੰ ਨਾਮਜ਼ਦਗੀ ਭਰਨ ਮਗਰੋਂ ਉਸ ਵੇਲੇ ਝਟਕਾ ਲੱਗਾ ਜਦੋਂ ਥਾਣਾ ਸਿਟੀ ਦੀ ਪੁਲੀਸ ਨੇ ਉਨ੍ਹਾਂ ਸਣੇ 80-85 ਅਣਪਛਾਤਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਧਾਰਾ 188 ਤਹਿਤ ਕੇਸ ਦਰਜ ਕਰ ਦਿੱਤਾ। ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਬਾਜਵਾ ਨੂੰ ਭਾਜਪਾ ਵੱਲੋਂ ਟਿਕਟ ਦੇਣ ’ਤੇ ਵੀ ਟਿਕਟ ਦੇ ਕਈ ਚਾਹਵਾਨਾਂ ਨੇ ਇਤਰਾਜ਼ ਕੀਤਾ ਸੀ ਅਤੇ ਬੜੀ ਮੁਸ਼ਕਿਲ ਨਾਲ ਹਾਈਕਮਾਂਡ ਨੇ ਸਾਰੇ ਭਾਜਪਾ ਆਗੂਆਂ ਨੂੰ ਇੱਕ ਮੁੱਠ ਕਰਕੇ ਬਾਜਵਾ ਨਾਲ ਚੱਲਣ ਲਈ ਮਨਾਇਆ ਸੀ। ਨਾਮਜ਼ਦਗੀ ਭਰਨ ਉਪਰੰਤ ਲੰਘੇ ਦਿਨ ਫਤਹਿਜੰਗ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਸ਼ਹਿਰ ਵਿੱਚ ਨਹਿਰੂ ਗੇਟ ਤੋਂ ਲੈ ਕੇ ਗਾਂਧੀ ਚੌਕ ਤੱਕ ਰੋਡ ਸ਼ੋਅ ਕੱਢਿਆ ਅਤੇ ਇਸ ਦੌਰਾਨ ਵੱਡੀ ਭੀੜ ਇਕੱਠੀ ਕਰਕੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕੀਤੀ।
ਆਬਜ਼ਰਵਰ ਵੱਲੋਂ ਐੱਸਡੀਐੱਮ ਬਟਾਲਾ ਕਮ ਰਿਟਰਨਿੰਗ ਅਧਿਕਾਰੀ ਨੂੰ ਭੇਜੀ ਗਈ ਰਿਪੋਰਟ ’ਤੇ ਰਿਟਰਨਿੰਗ ਅਧਿਕਾਰੀ ਨੇ ਥਾਣਾ ਸਿਟੀ ਦੀ ਪੁਲੀਸ ਨੂੰ ਭਾਜਪਾ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ। ਡੀਐੱਸਪੀ ਸਿਟੀ ਦੇਵ ਸਿੰਘ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਦੀਆਂ ਹਦਾਇਤਾਂ ਤਹਿਤ ਥਾਣਾ ਸਿਟੀ ਦੀ ਪੁਲੀਸ ਨੇ ਫਤਿਹਜੰਗ ਸਿੰਘ ਬਾਜਵਾ ਸਣੇ 80-85 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਫਤਿਹਜੰਗ ਸਿੰਘ ਬਾਜਵਾ ਵੱਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ ਵੀ ਬਟਾਲਾ ਭਾਜਪਾ ਦੀ ਧੜੇਬੰਦੀ ਉੱਭਰ ਕੇ ਸਾਹਮਣੇ ਆਈ ਸੀ ਤੇ ਦੋ ਵੱਡੇ ਭਾਜਪਾ ਆਗੂ ਆਪਸ ਵਿੱਚ ਹੱਥੋਪਾਈ ਹੋਏ ਸਨ।
ਦੋ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ
ਫਗਵਾੜਾ (ਪੱਤਰ ਪ੍ਰੇਰਕ) ਇਥੇ ਦੁਕਾਨ ਦੀ ਭੰਨਤੋੜ ਕਰਨ ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਿਟੀ ਪੁਲੀਸ ਨੇ ਪੰਜ ਨੌਜਵਾਨਾਂ ਤੇ ਦੋ ਦਰਜਨ ਤੋਂ ਵੱਧ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਵਾਸੀ ਮੌਲੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੰਤਰੀ, ਵਿਸ਼ਾਲ, ਸਿੰਬੂ ਵਾਸੀਆਨ ਹਦੀਆਬਾਦ, ਐਜ ਪੰਡਤ ਵਾਸੀ ਜੋਸ਼ੀਆਂ ਮੁਹੱਲਾ ਫਗਵਾੜਾ, ਸੋਨੀ ਬਾਂਸਲ ਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।