ਗੁਰਬਖਸ਼ਪੁਰੀ
ਤਰਨ ਤਾਰਨ, 12 ਅਗਸਤ
ਇਲਾਕੇ ਅੰਦਰ ਰਸੂਲਪੁਰ ਨਹਿਰਾਂ ਦੇ ਗੁਰਦੁਆਰਾ ਗੁਰਸਰ ਸਾਹਿਬ ਵਿੱਚ ਅੱਜ ਹੋ ਰਹੇ ਇਕ ਵਿਆਹ ਦੀਆਂ ਰਸਮਾਂ ਲੜਕੀ ਵਾਲਿਆਂ ਵੱਲੋਂ ਲੜਕੇ ’ਤੇ ਦਿਵਿਆਂਗ ਹੋਣ ਦੇ ਦੋਸ਼ ਲਗਾਉਣ ਬਾਅਦ ਅੱਧ ਵਿਚਾਲੇ ਹੀ ਰੋਕ ਦਿੱਤੀਆਂ ਗਈਆਂ ਹਨ| ਮਾਮਲੇ ਵਿੱਚ ਸਥਾਨਕ ਥਾਣਾ ਸਦਰ ਦੀ ਪੁਲੀਸ ਨੂੰ ਦਾਖਲਅੰਦਾਜ਼ੀ ਕਰਨੀ ਪਈ|
ਕਸੂਤੀ ਸਥਿਤੀ ਦੇ ਚੱਲਦਿਆਂ ਪੈਦਾ ਹੋਈ ਸਥਿਤੀ ਕਾਰਨ ਕੁੱਝ ਨੂੰ ਆਪਣੇ ਜੀਵਨ ਨਾਲ ਇਕ ਭੱਦਾ ਮਜ਼ਾਕ ਸਮਝਦਿਆਂ ਲੜਕੀ ਮੌਕੇ ’ਤੇ ਹੀ ਬੇਹੋਸ਼ ਹੋ ਗਈ ਜਿਸ ਨੂੰ ਇਥੋਂ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਹੈ। ਜਾਂਚ ਅਧਿਕਾਰੀ ਪੁਲੀਸ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਲੜਕੀ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਕਰਨ ਲਈ ਦੋਹਾਂ ਧਿਰਾਂ ਦੇ ਵਿਚਾਰ ਜਾਣੇ ਜਾ ਰਹੇ ਹਨ|
ਇਕੱਤਰ ਜਾਣਕਾਰੀ ਅਨੁਸਾਰ ਇਸ ਸ਼ਹਿਰ ਦੇ ਨੇੜਲੇ ਪਿੰਡ ਜੋਧਪੁਰ ਦੇ ਵਾਸੀ ਸੁਖਚੈਨ ਸਿੰਘ ਦੀ ਸ਼ਾਦੀ ਸਰਹੱਦੀ ਖੇਤਰ ਦੇ ਪਿੰਡ ਘੜਿਆਲਾ ਦੀ ਲੜਕੀ ਅਮਰਜੀਤ ਕੌਰ ਨਾਲ ਅੱਜ ਹੋਣੀ ਨਿਸਚਿਤ ਸੀ| ਇਸ ਸਬੰਧੀ ਗੁਰਦੁਆਰਾ ਗੁਰਸਰ ਸਾਹਿਬ ਰਸੂਲਪੁਰ ਨਹਿਰਾਂ ਵਿੱਚ ਰਚਾਏ ਸਮਾਗਮਾਂ ਵਿੱਚ ਦੋਹਾਂ ਧਿਰਾਂ ਦੇ ਰਿਸ਼ਤੇਦਾਰ ਹਾਜ਼ਰ ਸਨ| ਗੁਰਦੁਆਰਾ ਦੇ ਅੰਦਰ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਰੰਥੀ ਵਲੋਂ ਲਾਵਾਂ ਫੇਰਿਆਂ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਦੌਰਾਨ ਲੜਕੀ ਦੇ ਛੋਟੇ ਭਰਾ ਨੇ ਲਾੜੇ ’ਤੇ ਲੱਤ ਤੋਂ ਦਿਵਿਆਂਗ ਹੋਣ ਦਾ ਦੋਸ਼ ਲਾ ਦਿੱਤਾ ਤੇ ਰੌਲੇ ਰੱਪੇ ’ਚ ਵਿਆਹ ਰੁਕ ਗਿਆ| ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਪਤਵੰਤਿਆਂ ਨੂੰ ਮਾਮਲੇ ਦਾ ਨਿਪਟਾਰਾ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ|