ਦਲਬੀਰ ਸੱਖੋਵਾਲੀਆ/ਗੁਰਭੇਜ ਰਾਣਾ
ਬਟਾਲਾ/ਸ੍ਰੀਹਰਗੋਬਿੰਦਪੁਰ, 12 ਫਰਵਰੀ
ਹਲਕਾ ਸ੍ਰੀਹਰਗੋਬਿੰਦਪੁਰ (ਰਾਖਵਾਂ) ਵਿੱਚ ਦਿਨੋਂ ਦਿਨ ਮੁਕਾਬਲਾ ਦਿਲਚਸਪ ਬਣਦਾ ਜਾ ਰਿਹਾ ਹੈ। ਇਸ ਹਲਕੇ ਨੂੰ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਰਾਜਨਬੀਰ ਸਿੰਘ ਘੁਮਾਣ, ਕਾਂਗਰਸ ਵੱਲੋਂ ਮਨਦੀਪ ਸਿੰਘ ਰੰਗੜ ਨੰਗਲ ਅਤੇ ਆਮ ਆਦਮੀ ਪਾਰਟੀ ਦੇ ਐਡਵੋਕੇਟ ਅਮਰਪਾਲ ਸਿੰਘ ਦਰਮਿਆਨ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਲਕੇ ਅੰਦਰ ਇੱਕ ਲੱਖ 76 ਹਜ਼ਾਰ ਵੋਟਰ ਹਨ। 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਮੰਨਾ ਨੂੰ ਹਰਾ ਕੇ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਲਾਡੀ ਨੇ ਇਹ ਸੀਟ ਜਿੱਤੀ ਸੀ। ਵਿਧਾਇਕ ਲਾਡੀ ਵੱਲੋਂ ਭਾਜਪਾ ਵਿੱਚ ਜਾਣ ਤੋਂ ਬਾਅਦ ਹਾਈ ਕਮਾਨ ਨੇ ਇਹ ਟਿਕਟ ਨੌਜਵਾਨ ਮਨਦੀਪ ਸਿੰਘ ਰੰਗੜ ਨੰਗਲ ਨੂੰ ਦਿੱਤੇ ਜਾਣ ’ਤੇ ਹੁਣ ਫਿਰ ਵਿਧਾਇਕ ਲਾਡੀ ਨੇ ‘ਹੱਥ’ ਛੱਡ ਕੇ ‘ਕਮਲ’ ਫੜ ਲਿਆ ਹੈ ਜਿਸ ਕਾਰਨ ਕਾਂਗਰਸ ਉਮੀਦਵਾਰ ਰੰਗੜਨੰਗਲ ਨੂੰ ਵੋਟਰਾਂ ਤੱਕ ਪਹੁੰਚ ਕਰਨ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਂਜ ਹਲਕੇ ਤੋਂ ਭਾਜਪਾ ਉਮੀਦਵਾਰ ਬਲਜਿੰਦਰ ਸਿੰਘ ਦਕੋਹਾ, ਸੰਯੁਕਤ ਸਮਾਜ ਮੋਰਚਾ ਦੇ ਡਾ ਕੰਵਲਜੀਤ ਸਿੰਘ ਵੀ ਵੋਟਰਾਂ ਨਾਲ ਸੰਪਰਕ ਬਣਾ ਰਹੇ ਹਨ। ਜਦੋਂ ਕਿ ਹਲਕੇ ਦੇ ਲੋਕ ਮੁੱਖ ਮੁਕਾਬਲਾ ਅਕਾਲੀ ਦਲ ਅਤੇ ‘ਆਪ’ ਦਰਮਿਆਨ ਮੰਨ ਰਹੇ ਹਨ। ਅਕਾਲੀ ਦਲ ਦੇ ਘੁਮਾਣ ਅਤੇ ਕਾਂਗਰਸ ਵੱਲੋਂ ਰੰਗੜ ਨੰਗਲ ਪਹਿਲੀ ਵਾਰੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਦੋਂ ਕਿ ਮੋਰਚਾ ਵੱਲੋਂ ਚੋਣ ਲੜ ਰਹੇ ਡਾ ਕੰਵਲਜੀਤ ਸਿੰਘ ਨੇ ਲੰਘੇ ਡੇਢ ਸਾਲ ਤੋਂ ਹਲਕੇ ਅੰਦਰ ‘ਆਪ’ ਦੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ, ‘ਆਪ’ ਹਾਈ ਕਮਾਨ ਵੱਲੋਂ ਟਿਕਟ ਐਡਵੋਕੇਟ ਨੂੰ ਦਿੱਤੇ ਜਾਣ ’ਤੇ ਉਹ ਖਫ਼ਾ ਹੋ ਕੇ ਹੁਣ ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣ ਲੜ ਰਹੇ ਹਨ। ‘ਆਪ’ ਦੇ ਐਡਵੋਕੇਟ ਨੇ 2017 ਦੀ ਚੋਣ ਵਿਚ ਕਰੀਬ 24 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਇਸੇ ਤਰ੍ਹਾਂ ਅਕਾਲੀ ਦਲ ਦੇ ਸ੍ਰੀ ਘੁਮਾਣ ਜੋ ਪਹਿਲਾਂ ਮੱਛੀ ਪਾਲਣ ਅਧਿਕਾਰੀ ਸਨ, ਕਰੀਬ ਤਿੰਨ ਸਾਲ ਪਹਿਲਾਂ ਨੌਕਰੀ ਤੋਂ ਅਸਤੀਫਾ ਦੇ ਕੇ ਸਰਗਰਮ ਰਾਜਨੀਤੀ ਵਿੱਚ ਆਏ ਅਤੇ ਟਿਕਟ ਲੈਣ ਵਿੱਚ ਸਫ਼ਲ ਰਹੇ।