ਪੱਤਰ ਪ੍ਰੇਰਕ
ਚੇਤਨਪੁਰਾ, 21 ਜਨਵਰੀ
ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਭੋਏਵਾਲੀ ‘ਚ ਪ੍ਰਭਜੀਤ ਸਿੰਘ ਨਿੱਜਰ ਅਤੇ ਗੁਰਲਾਲ ਸਿੰਘ ਦੇ ਘਰੇ ਵੱਡੀ ਗਿਣਤੀ ਨੌਜਵਾਨਾਂ ਨੇ ਅਕਾਲੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਂਦਿਆਂ ਇੱਕ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਹਿਦ ਲਿਆ ਕਿ ਹਲਕਾ ਅਜਨਾਲਾ ਤੋਂ ਬੋਨੀ ਅਜਨਾਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਅੰਦਰ ਭੇਜਿਆ ਜਾਵੇਗਾ। ਇਸ ਮੌਕੇ ਹਲਕਾ ਅਜਨਾਲਾ ਤੋਂ ਅਕਾਲੀ-ਬਸਪਾ ਉਮੀਦਵਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗੱਠਜੋੜ ਦੀ ਹਨੇਰੀ ਚੱਲ ਰਹੀ ਹੈ ਤੇ ਲੋਕ ਕਾਂਗਰਸ ਤੇ ਹੋਰਨਾਂ ਪਾਰਟੀਆਂ ਨੂੰ ਛੱਡ-ਛੱਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦਾ ਸਾਥ ਦੇ ਰਹੇ ਹਨ ਉਸ ਤੋਂ ਵਿਰੋਧੀ ਪੂਰੀ ਤਰ੍ਹਾਂ ਬੁਖਲਾਏ ਹੋਏ ਹਨ।
ਲੋਧੀਨੰਗਲ ਵੱਲੋਂ ਬਾਲੇਵਾਲ ਵਿੱਚ ਮੀਟਿੰਗ
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਹਲਕੇਦੇ ਪਿੰਡ ਬਾਲੇਵਾਲ ਵਿੱਚ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੇ ਹੱਕ ਵਿੱਚ ਸਾਬਕਾ ਸਰਪੰਚ ਬਿਕਰਮਜੀਤ ਸਿੰਘ ਅਤੇ ਅਮਰੀਕ ਸਿੰਘ ਬਾਲੇਵਾਲ ਦੀ ਅਗਵਾਈ ਹੇਠ ਚੋਣ ਮੀਟਿੰਗ ਕੀਤੀ ਗਈ।