ਕੇ.ਪੀ ਸਿੰਘ
ਗੁਰਦਾਸਪੁਰ, 11 ਸਤੰਬਰ
ਜ਼ਿਲ੍ਹੇ ਦੇ ਕਸਬਾ ਕਲਾਨੌਰ ਵਿੱਚ ਸਿੱਖ ਨੌਜਵਾਨ ਦਾ ਧਰਮ ਬਦਲਾਉਣ ਲਈ ਆਏ ਦੋ ਨੌਜਵਾਨਾਂ ਨੂੰ ਸਿੱਖ ਜਥੇਬੰਦੀਆਂ ਵੱਲੋਂ ਕਲਾਨੌਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਪਿੰਡ ਦਲੇਰਪੁਰ ਨਿਵਾਸੀ ਉਂਕਾਰ ਸਿੰਘ ਨੇ ਦੱਸਿਆ ਕਿ ਉਹ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। ਮਸੀਹ ਭਾਈਚਾਰੇ ਨਾਲ ਸਬੰਧਿਤ ਦੋ ਵਿਅਕਤੀ, ਜੋ ਖ਼ੁਦ ਨੂੰ ਪਾਦਰੀ ਦੱਸਦੇ ਸਨ, ਲਗਾਤਾਰ ਉਸ ਕੋਲ ਆ ਕੇ ਉਸ ਨੂੰ ਧਰਮ ਬਦਲਣ ਲਈ ਮਜਬੂਰ ਕਰ ਰਹੇ ਸਨ। ਅੱਜ ਵੀ ਦੋਵੇਂ ਉਸ ਕੋਲ ਪਹੁੰਚੇ। ਉਸ ਨੇ ਇਸ ਬਾਰੇ ਪੋਲਟਰੀ ਫਾਰਮ ਦੇ ਮਾਲਕ ਸੰਦੀਪ ਸਿੰਘ ਕਾਹਲੋਂ ਨੂੰ ਦੱਸਿਆ। ਸੰਦੀਪ ਸਿੰਘ ਕਾਹਲੋਂ ਵੱਲੋਂ ਉੱਥੇ ਪਹੁੰਚ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਖ਼ੁਦ ਨੂੰ ਪਾਦਰੀ ਕਹਿਣ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਖ਼ਾਲਸਾ ਪੰਚਾਇਤ ਦੇ ਆਗੂ ਭਾਈ ਰਾਜਿੰਦਰ ਸਿੰਘ ਭੰਗੂ, ਭਾਈ ਮੁਖਤਾਰ ਸਿੰਘ ਤੇ ਦਮਦਮੀ ਟਕਸਾਲ ਨਾਲ ਸਬੰਧਿਤ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜੱਟ ਸਿੱਖ ਭਾਈਚਾਰੇ ਨਾਲ ਸਬੰਧਿਤ ਉਂਕਾਰ ਸਿੰਘ ਦੇ ਧਰਮ ਬਦਲਾਉਣ ਦੀ ਕੋਸ਼ਿਸ਼ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਥਾਣਾ ਕਲਾਨੌਰ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਉਂਕਾਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਮਾਤਾ ਪਿਤਾ ਵੱਲੋਂ ਪਹਿਲਾਂ ਹੀ ਧਰਮ ਬਦਲਿਆ ਗਿਆ ਹੈ ਅਤੇ ਉਸ ਨੂੰ ਵੀ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਦੇਰ ਰਾਤ ਐੱਸਪੀ (ਡੀ) ਪ੍ਰਿਥੀਪਾਲ ਸਿੰਘ ਪਹੁੰਚੇ ਅਤੇ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕੀਤੀ ।