ਐੱਨ.ਪੀ. ਧਵਨ
ਪਠਾਨਕੋਟ, 7 ਫਰਵਰੀ
ਪਠਾਨਕੋਟ ਵਿੱਚ ਅੱਜ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਸ਼ਹਿਰ ਦੇ ਗਾਂਧੀ ਚੌਂਕ ਵਿੱਚ ਸਥਿਤ ਰੇਹੜੀ ਮਾਰਕੀਟ ਅਤੇ ਏਅਰਫੋਰਸ ਸਟੇਸ਼ਨ ਕੋਲ ਕਬਾੜ ਮਾਰਕੀਟ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ। ਉਹ ਰੇਹੜੀ ਮਾਰਕੀਟ ਵਿੱਚ ਇਕੱਲੀ-ਇਕੱਲੀ ਰੇਹੜੀ ’ਤੇ ਗਏ ਅਤੇ ਰੇਹੜੀ ਮਾਰਕੀਟ ਦੇ ਆਗੂਆਂ ਨਾਲ ਆਪਣੀ ਸਾਂਝ ਪੱਕੀ ਕਰਨ ਲਈ ਫੁਰਸਤ ਦੇ ਪਲ ਬਿਤਾਏ ਤੇ ਉਨ੍ਹਾਂ ਨਾਲ ਉਥੇ ਚਾਹ ਦੀਆਂ ਚੁਸਕੀਆਂ ਲਈਆਂ। ਸ਼ਰਮਾ ਦਾ ਕਹਿਣਾ ਸੀ ਕਿ ਲੋਕ ਸਥਾਨਕ ਕਾਂਗਰਸੀ ਵਿਧਾਇਕ ਦੀਆਂ ਨੀਤੀਆਂ ਤੋਂ ਬਹੁਤ ਤੰਗ ਆ ਚੁੱਕੇ ਹਨ ਅੇ ਇਸ ਵਾਰ ਬਦਲਾਅ ਦੇ ਮੂਡ ’ਚ ਹਨ।
ਅਸ਼ਵਨੀ ਨੂੰ ਪੰਜ ਸਾਲ ਰੇਹੜੀਆਂ ਵਾਲੇ ਯਾਦ ਨਹੀਂ ਆਏ: ਭਾਟੀਆ
ਅਸ਼ਵਨੀ ਸ਼ਰਮਾ ਵੱਲੋਂ ਸਥਾਨਕ ਕਾਂਗਰਸੀ ਵਿਧਾਇਕ ਉਪਰ ਲਾਏ ਗਏ ਦੋਸ਼ਾਂ ਦੇ ਜਵਾਬ ’ਚ ਕਾਂਗਰਸ ਪਾਰਟੀ ਦੇ ਮੁੱਖ ਆਗੂ ਤੇ ਨਗਰ ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੂੰ ਤਾਂ 5 ਸਾਲ ਰੇਹੜੀ ਮਾਰਕੀਟ ਦੀ ਯਾਦ ਨਹੀਂ ਆਈ ਤੇ ਉਨ੍ਹਾਂ ਇੱਕ ਵਾਰ ਵੀ ਰੇਹੜੀ ਮਾਰਕੀਟ ਦਾ ਫੇਰਾ ਨਹੀਂ ਮਾਰਿਆ। ਹੁਣ ਵੋਟਾਂ ਕਾਰਨ ਰੇਹੜੀ ਵਾਲਿਆਂ ਦੇ ਮਹਿਜ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।