ਪੱਤਰ ਪ੍ਰੇਰਕ
ਦੀਨਾਨਗਰ, 20 ਜੂਨ
ਹਲਕੇ ਦੇ ਪਿੰਡ ਭਟੋਇਆ (ਨਹਿਰ ਵਾਲਾ) ਵਾਸੀ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ, ਗਲੀਆਂ ਦੀ ਮੁਰੰਮਤ ਅਤੇ ਫਿਰਨੀ ਕੱਚੀ ਹੋਣ ਵਰਗੀਆਂ ਸਮੱਸਿਆਂ ਨਾਲ ਜੂਝਦੇ ਆ ਰਹੇ ਹਨ, ਜਿਸ ਦੇ ਹੱਲ ਲਈ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਆਦੇਸ਼ਾਂ ’ਤੇ ਅੱਜ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਵੱਲੋਂ ਪਿੰਡ ਦਾ ਦੌਰਾ ਕਰਕੇ ਤਮਾਮ ਮੁਸ਼ਕਿਲਾਂ ਨੂੰ ਜਾਣਿਆ ਗਿਆ। ਇਸ ਦੌਰਾਨ ਅਸ਼ੋਕ ਚੌਧਰੀ ਵੱਲੋਂ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਫਿਰ ਬਣਨ ਵਾਲੀਆਂ ਗਲੀਆਂ ਤੇ ਫਿਰਨੀ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਪਤਾ ਵੀ ਲਗਾਇਆ ਅਤੇ ਭਰੋਸਾ ਦਿੱਤਾ ਕਿ ਸਾਰੇ ਕੰਮ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਬੀਡੀਪੀਓ ਦੀਨਾਨਗਰ ਅਤੇ ਹੋਰ ਅਧਿਕਾਰੀਆਂ ਨੂੰ ਪਿੰਡ ਦੀਆਂ ਗਲੀਆਂ ਦਾ ਕੰਮ ਇੱਕ ਦੋ ਦਿਨਾਂ ’ਚ ਸ਼ੁਰੂ ਕਰਨ ਦੇ ਹੁਕਮ ਦਿੱਤੇ। ਅਸ਼ੋਕ ਚੌਧਰੀ ਨੇ ਕਿਹਾ ਕਿ ਪਿੰਡ ਦਾ ਰਕਬਾ ਜ਼ਿਆਦਾ ਹੋਣ ਕਾਰਨ ਫਿਰਨੀ ਵਾਲਾ ਰਾਹ ਬਹੁਤ ਵੱਡਾ ਹੈ, ਜਿਸ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਬੀਡੀਪੀਓ ਤਜਿੰਦਰ ਸਿੰਘ, ਕਾਂਗਰਸੀ ਆਗੂ ਕਪਿਲ ਠਾਕੁਰ, ਪੰਚ ਨਵਦੀਪ ਸਿੰਘ ਤੇ ਦਵਿੰਦਰ ਸਿੰਘ ਵੀ ਹਾਜ਼ਰ ਸਨ।