ਜਤਿੰਦਰ ਬੈਂਸ
ਗੁਰਦਾਸਪੁਰ, 10 ਜੁਲਾਈ
ਇਥੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਵਲੋਂ ਕੰਮਾਂ ਦਾ ਬਾਈਕਾਟ ਕਰਕੇ ਦੂਜੇ ਦਿਨ ਵੀ ਸਬ-ਸੈਂਟਰਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਸਰਕਾਰ ਦੀ ਕਰੋਨਾ ਮੁਕਤੀ ਫਤਿਹ ਮਿਸ਼ਨ ਨੂੰ ਢਾਹ ਲੱਗਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਮਜ਼ਦੂਰ ਯੂਨੀਅਨ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਵਿੱਤ ਸਕੱਤਰ ਸੰਕੁਤਲਾ ਦੇਵੀ ਅਤੇ ਹੋਰ ਯੂਨੀਅਨ ਆਗੂਆਂ ਖ਼ਿਲਾਫ਼ ਦਰਜ਼ ਕੇਸਾਂ ਦੀ ਨਿਖੇਧੀ ਕਰਦਿਆਂ ਤੁੰਰਤ ਰੱਦ ਕਰਨ ਦੀ ਮੰਗ ਕੀਤੀ ਗਈ। ਆਗੂ ਅਮਰਜੀਤ ਸ਼ਾਸ਼ਤਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਬਲਾਕ ਰਣਜੀਤ ਬਾਗ, ਬਹਿਰਾਮਪੁਰ, ਕਲਾਨੌਰ, ਬਟਾਲਾ, ਸਬ-ਅਰਬਨ ਗੁਰਦਾਸਪੁਰ, ਕਾਹਨੂੰਵਾਨ, ਭਾਮ, ਦੋਰਾਂਗਲਾ, ਨੌਸ਼ਹਿਰਾ ਮੱਝਾ ਸਿੰਘ ਭੁੱਲਰ ਸਬ-ਅਰਬਨ ਬਟਾਲਾ ਅਤੇ ਫਤਿਹਗੜ੍ਹ ਚੂੜੀਆਂ ਦੇ ਸਾਰੇ ਸਬ-ਸੈਂਟਰਾਂ ’ਤੇ ਰਾਜਵਿੰਦਰ ਕੌਰ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਹੜਤਾਲ ਕੀਤੀ ਗਈ।
ਬਲਾਚੌਰ(ਗੁਰਦੇਵ ਸਿੰਘ ਗਹੂੰਣ): ਇਥੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀ ਹੜਤਾਲ ਦੌਰਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਅਨੀਤਾ ਥੋਪੀਆ, ਜਸਵੀਰ ਕੌਰ ਮਹਿਤਪੁਰ, ਮਹਿੰਦਰ ਕੌਰ ਗੜ੍ਹੀ, ਸੁਨੀਤਾ ਕੁਮਾਰੀ, ਮਨਜੀਤ ਰਾਣੀ ਅਤੇ ਰਜਨੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸਿਲੀਟੇਟਰਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ, ਜੋ ਹੁਣ ਬੰਦ ਕਰ ਦਿੱਤਾ ਗਿਆ ਹੈ। ਉਕਤ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਕਰੋਨਾ ਮੁਕਤੀ ਫਤਹਿ ਮਿਸ਼ਨ ਪੂਰਾ ਨਹੀਂ ਹੁੰਦਾ, ਓਨਾ ਚਿਰ ਉਨ੍ਹਾਂ ਨੂੰ ਕਰੋਨਾ ਮੁਕਤੀ ਭੱਤਾ ਜਾਰੀ ਰੱਖਿਆ ਜਾਵੇ, ਘਰ-ਘਰ ਸਰਵੇਖਣ ਲਈ ਪ੍ਰਤੀ ਵਿਅਕਤੀ 12 ਰੁਪਏ ਮਿਹਨਤਾਨਾ ਦਿੱਤਾ ਜਾਵੇ ਅਤੇ ਉਨ੍ਹਾਂ ਤੋਂ ਲਿਆ ਜਾਂਦਾ ਵਾਧੂ ਕੰਮ ਬੰਦ ਕੀਤਾ ਜਾਵੇ।
ਹੜਤਾਲ ਨੇ ਸਿਹਤ ਵਿਭਾਗ ਨੂੰ ਪਾਈਆਂ ਭਾਜੜਾਂ
ਜਲੰਧਰ (ਪਾਲ ਸਿੰਘ ਨੌਲੀ): ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਕਰੋਨਾ ਮੁਕਤੀ ਫਤਿਹ ਮਿਸ਼ਨ ਨੂੰ ਢਾਹ ਲੱਗੀ ਹੈ। ਸਾਰੇ ਕੰਮ ਆਸ਼ਾ ਵਰਕਰਾਂ ਤੋਂ ਕਰਵਾਉਣ ਵਾਲੀ ਸਿਹਤ ਵਿਭਾਗ ਦੀ ਅਫਸਰਸ਼ਾਹੀ ਬਗੈਰ ਕੁਝ ਦਿੱਤੇ ਹੜਤਾਲ ਤੁੜਵਾਉਣ ਲਈ ਹਰ ਹਰਬਾ ਵਰਤ ਰਹੀ ਹੈ। ਅੱਜ ਜਲੰਧਰ ਜ਼ਿਲ੍ਹੇ ਦੇ ਸਮੂਹ ਸਬ ਸੈਂਟਰਾਂ ਵਿੱਚ ਗੁਰਜੀਤ ਕੌਰ ਅਮ੍ਰਿੰਤਪਾਲ ਕੌਰ, ਮਨਦੀਪ ਕੌਰ ਸੰਧੂ, ਸੀਤਾ ਬਲੰਦਪੁਰ, ਆਸ਼ਾ ਗੁਪਤਾ, ਕੁਲਜੀਤ ਕੌਰ, ਸੁਖਨਿੰਦਰ ਕੌਰ, ਆਸ਼ਾ ਰਾਣੀ, ਰਾਜ ਰਾਣੀ ਜਮਸ਼ੇਰ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਤੇ ਜਰਨਲ ਸਕੱਤਰ ਜਰਮਨਜੀਤ ਸਿੰਘ ਸਮੁੱਚੇ ਮੁਲਾਜ਼ਮਾਂ ਨੂੰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।