ਜਸਬੀਰ ਸਿੰਘ ਚਾਨਾ
ਫਗਵਾੜਾ, 1 ਜੂਨ
ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖ਼ਰੀਦ ਆੜ੍ਹਤੀਆਂ ਦੀ ਥਾਂ ਮਾਰਕਫੈੱਡ ਤੋਂ ਖਰੀਦ ਕਰਵਾਉਣ ਦੇ ਫ਼ੈਸਲੇ ਦਾ ਆੜ੍ਹਤੀਆਂ ਨੇ ਤਿੱਖਾ ਵਿਰੋਧ ਕੀਤਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਦਿਆਂ ਦੁਕਾਨਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ।
ਦਾਣਾ ਮੰਡੀ ਵਿੱਚ ਦਿ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਅੱਜ ਆੜ੍ਹਤੀ ਐਸੋਸੀਏਸ਼ਨ ਫਗਵਾੜਾ ਦੀ ਮੀਟਿੰਗ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ’ਚ ਮੀਟਿੰਗ ਹੋਈ ਜਿਸ ’ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਮਐੱਸਪੀ ’ਤੇ ਮੂੰਗੀ ਖਰੀਦਣ ਦਾ ਫ਼ੈਸਲਾ ਤਾਂ ਸ਼ਲਾਘਾਯੋਗ ਹੈ ਪਰ ਇਸ ਫ਼ਸਲ ’ਚੋਂ ਆੜ੍ਹਤੀਆਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫ਼ਸਲ ਮਾਰਕਫ਼ੈੱਡ ਰਾਹੀਂ ਖਰੀਦਣੀ ਹੈ ਜਦਕਿ ਮਾਰਕਫੈੱਡ ਸੁਸਾਇਟੀਆਂ ਤੋਂ ਖਰੀਦੇਗਾ ਤੇ ਆੜ੍ਹਤੀਆਂ ਨੂੰ ਇਸ ਕੰਮ ’ਚੋਂ ਲਾਭੇ ਕਰ ਦਿੱਤਾ ਗਿਆ ਹੈ ਜਿਸ ਕਾਰਨ ਆੜ੍ਹਤੀਆਂ ਦੀ ਢਾਈ ਫ਼ੀਸਦੀ ਕਮਿਸ਼ਨ ਵੀ ਨਹੀਂ ਮਿਲੇਗਾ ਜਿਸ ਕਾਰਨ ਆੜ੍ਹਤੀਆਂ ਤੇ ਲੇਬਰ ਨੂੰ ਆਰਥਿਕ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਇਹ ਹੜਤਾਲ 5 ਜੂਨ ਤੱਕ ਕੀਤੀ ਗਈ ਹੈ ਤੇ ਇਸ ਤੋਂ ਬਾਅਦ 10 ਜੂਨ ਤੱਕ ਮਾਰਕੀਟ ਕਮੇਟੀਆਂ ਦਾ ਘਿਰਾਓ ਕੀਤਾ ਜਾਵੇਗਾ ਤੇ 10 ਤੋਂ ਬਾਅਦ ਕਿਸਾਨ ਜਥੇਬਦੀਆਂ ਨੂੰ ਨਾਲ ਲੈ ਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਇੱਥੇ ਦਾਣਾ ਮੰਡੀ ਵਿੱਚ ਪੰਜਾਬ ਸਰਕਾਰ ਮੂੰਗੀ ਦੀ ਸਿੱਧੀ ਖ਼ਰੀਦ ਸ਼ੁਰੂ ਕਰਨ ਦੇ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਅਤੇ ਮੰਡੀ ਲੇਬਰ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜੰਡਿਆਲਾ ਗੁਰੂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਨੇ ਦੱਸਿਆ ਕਿ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਆੜ੍ਹਤੀਆਂ ਅਤੇ ਲੇਬਰ ਵੱਲੋਂ ਸਥਾਨਕ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਸਰਜਾ ਅਤੇ ਕਾਂਗਰਸ ਆਗੂ ਜਤਿੰਦਰ ਸਿੰਘ ਨਾਟੀ ਨੇ ਕਿਹਾ ਪੰਜਾਬ ਸਰਕਾਰ ਮਾਰਕਫੈੱਡ ਵੱਲੋਂ ਸੁਸਾਇਟੀ ਬਣਾ ਕੇ ਖ਼ੁਦ ਸਿੱਧੀ ਮੂੰਗੀ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਦੇ ਹਰ ਆੜ੍ਹਤੀ ਨੇ ਆਪਣੀ ਦੁਕਾਨ, ਪੱਖੇ, ਕੰਡੇ, ਕਰੇਟ, ਤਰਪਾਲਾਂ ਤੋਂ ਇਲਾਵਾ ਮੰਡੀ ਬੋਰਡ ਤੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਦੁਕਾਨਾਂ ਕੀਤੀਆਂ ਹੋਈਆਂ ਹਨ। ਆੜ੍ਹਤੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦਾ ਕਮਿਸ਼ਨ ਨਾ ਦਿੱਤਾ ਤਾਂ ਸਰਕਾਰ ਨੇ ਜੋ ਉਨ੍ਹਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਦੁਕਾਨਾਂ ਦਿੱਤੀਆਂ ਹੋਈਆਂ ਹਨ, ਉਨ੍ਹਾਂ ਦੇ ਪੈਸੇ ਵਾਪਸ ਕਰ ਕੇ ਆਪਣੀਆਂ ਦੁਕਾਨਾਂ ਆਪਣੇ ਕੋਲ ਰੱਖੇ। ਇਸ ਮੌਕੇ ਸੁਰਿੰਦਰ ਸੇਠ, ਐਡਵੋਕੇਟ ਅਮਿਤ ਅਰੋੜਾ, ਸਰਬਜੀਤ ਸਿੰਘ ਪਹਿਲਵਾਨ, ਰਮਨ ਕੁਮਾਰ ਰੋਮੀ, ਮਹਿੰਦਰ ਸਿੰਘ ਛੱਜਲਵੱਡੀ ਤੇ ਵੱਡੀ ਗਿਣਤੀ ’ਚ ਆੜ੍ਹਤੀ ਮੌਜੂਦ ਸਨ।
ਸ਼ਾਹਕੋਟ (ਗੁਰਮੀਤ ਖੋਸਲਾ): ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਮਾਰਕੀਟ ਕਮੇਟੀ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਦੀਆਂ ਅਨਾਜ ਮੰਡੀਆਂ ਦੇ ਆੜ੍ਹਤੀਆਂ ਨੇ ਮੁਕੰਮਲ ਹੜਤਾਲ ਕੀਤੀ। ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਪਵਨ ਅਗਰਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੂੰਗੀ, ਬਾਸਮਤੀ ਅਤੇ ਕਈ ਹੋਰ ਫ਼ਸਲਾਂ ਦੀ ਸਿੱਧੀ ਖਰੀਦ ਕੀਤੇ ਜਾਣ ਨਾਲ ਉਨ੍ਹਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਸਰਕਾਰ ਵੱਲੋਂ ਆੜ੍ਹਤੀਆਂ ਨੂੰ ਸਿੱਧੇ ਤੌਰ ’ਤੇ ਦਾਮ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਰੋਸ ਵਜੋਂ ਆੜ੍ਹਤੀਆਂ ਨੇ ਤਹਿਸੀਲ ਸ਼ਾਹਕੋਟ ਅਤੇ ਮਹਿਤਪੁਰ ਦੀਆਂ ਮੰਡੀਆਂ ਵਿੱਚ ਕੰਮ ਬੰਦ ਰੱਖਿਆ ਹੈ। ਇਸ ਮੌਕੇ ਜੀਵਨ ਦਾਸ ਗੁਪਤਾ, ਪਵਨ ਮਿੱਤਲ, ਸੰਜੀਵ ਗੁਪਤਾ, ਮੋਹਿਤ ਜਿੰਦਲ, ਪ੍ਰਦੀਪ ਸਿੰਗਲਾ, ਵਿਨੋਦ ਬਾਂਸਲ, ਰਾਜੇਸ਼ ਅਗਰਵਾਲ, ਜੀਵਨ ਉੱਪਲ, ਮਨਜੀਤ ਸਿੰਘ ਅਤੇ ਕਮਲ ਕੁਮਾਰ ਹਾਜ਼ਰ ਸਨ।