ਪੱਤਰ ਪ੍ਰੇਰਕ
ਚੇਤਨਪੁਰਾ, 22 ਮਈ
ਹਲਕਾ ਅਜਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਸਰਕਲ ਗੁਰੁੂ ਕਾ ਬਾਗ ਅਧੀਨ ਆਉਂਦੇ ਪਿੰਡਾਂ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਅੱਜ ਗੁਰਦੁਆਰਾ ਗੁਰੁੂ ਕਾ ਬਾਗ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਦਲਾਅ ਲਈ ਵੋਟਾਂ ਪਾਈਆਂ ਸਨ ਪਰ ਪੰਜਾਬ ਵਿਚ ਕਿਤੇ ਵੀ ਬਦਲਾਅ ਨਜ਼ਰ ਨਹੀਂ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਬਾਰੇ ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ 5 ਮੈਂਬਰੀ ਕਮੇਟੀ ਪੂਰੇ ਮਾਝੇ ‘ਚ ਚੋਣ ਲੜ ਚੁੱਕੇ ਉਮੀਦਵਾਰਾਂ ਤੇ ਵਰਕਰਾਂ ਨਾਲ ਚਿੰਤਨ ਕਰ ਚੁੱਕੀ ਹੈ ਤੇ ਜਲਦ ਹੀ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਅਕਾਲੀ ਵਰਕਰਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਮਨਦੀਪਕ ਸਿੰਘ ਦਾਲਮ, ਧੰਨਬੀਰ ਸਿੰਘ ਸਰਕਾਰੀਆ ਤੇ ਰਜਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।