ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 30 ਮਈ
ਸਥਾਨਕ ਸਿੱਧੂ ਐਵੇਨਿਊ ਵਿਚ ਸਥਿਤ ਸੰਤ ਡੇਅ ਬੋਰਡਿੰਗ ਸਕੂਲ ਦੇ ਪਿਛਲੇ ਗੇਟ ਸਾਹਮਣੇ ਸਕੂਲ ਦੇ ਬਾਹਰ ਦਸਵੀਂ ਕਲਾਸ ਦੇ ਵਿਦਿਆਰਥੀ ਨੂੰ ਤਿੰਨ ਅਣਪਛਾਤੇ ਨਕਾਬਪੋਸ਼ ਐਕਟਿਵਾ ਸਵਾਰਾਂ ਨੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਵਿਦਿਆਰਥੀ ’ਤੇ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਉਹ ਐਕਟਿਵਾ ’ਤੇ ਆਪਣੀਆਂ ਦੋ ਭੈਣਾਂ ਨਾਲ ਸਕੂਲ ਦੇ ਗੇਟ ਬਾਹਰ ਪਹੁੰਚਿਆ ਸੀ। ਹਮਲੇ ਦਾ ਸ਼ਿਕਾਰ ਵਿਦਿਆਰਥੀ ਸਥਾਨਕ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਦੇ ਕੌਂਸਲਰ ਦਾ ਭਤੀਜਾ ਅੰਮ੍ਰਿਤਪਾਲ ਸਿੰਘ ਦਸਵੀਂ ਕਲਾਸ ਦਾ ਵਿਦਿਆਰਥੀ ਹੈ। ਕੌਂਸਲਰ ਹਰਜਿੰਦਰ ਸਿੰਘ ਬ੍ਰਾਹਮਣ ਨੇ ਦੱਸਿਆ ਕਿ ਅੰਮ੍ਰਿਤਪਾਲ ਨੇੜਲੇ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਥਾਣਾ ਜੰਡਿਆਲਾ ਗੁਰੂ ਵਿੱਚ ਦਿੱਤੀ। ਇਸੇ ਦੌਰਾਨ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋਈ ਘਟਨਾ ਦੀ ਫੁਟੇਜ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਗਈ। ਦੂਜੇ ਪਾਸੇ ਸਥਾਨਕ ਚੌਕੀ ਇੰਚਾਰਜ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਘਟਨਾ ਬਾਰੇ ਉਨ੍ਹਾਂ ਨੂੰ ਉਨ੍ਹਾਂ ਕੋਲ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ। ਥਾਣਾ ਜੰਡਿਆਲਾ ਗੁਰੂ ਦੇ ਐੱਸਐੱਚਓ ਸ਼ਮਸ਼ੇਰ ਸਿੰਘ ਕਿਹਾ ਕਿ ਪਰਿਵਾਰ ਵੱਲੋਂ ਇਸ ਘਟਨਾ ਸ਼ਿਕਾਇਤ ਬਹੁਤ ਦੇਰ ਨਾਲ ਦਿੱਤੀ ਗਈ ਹੈ। ਹਾਲਾਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੇ ਦੇ ਬਿਆਨ ਲੈਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।