ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 15 ਅਕਤੂਬਰ
ਇੱਥੇ ਛੁੱਟੀ ਉਪਰੰਤ ਆਪਣੇ ਘਰ ਜਾ ਰਹੇ ਨੌਵੀਂ ਕਲਾਸ ਦੇ ਵਿਦਿਆਰਥੀ ਕੋਲੋਂ ਰਸਤੇ ਵਿਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਦੀ ਐਕਟਿਵਾ ਖੋਹ ਲਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥੀ ਅਵਿਨਾਸ਼ ਨੇ ਦੱਸਿਆ ਉਹ ਸਥਾਨਕ ਸੇਂਟ ਫਰਾਂਸਿਸ ਸਕੂਲ ਦੀ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਸਥਾਨਕ ਪਟੇਲ ਨਗਰ ਮੁਹੱਲੇ ਵਿੱਚ ਰਹਿੰਦਾ ਹੈ। ਛੁੱਟੀ ਹੋਣ ਉਪਰੰਤ ਦੋ ਵਜੇ ਜਦੋਂ ਉਹ ਸਕੂਲ ਤੋਂ ਆਪਣੇ ਘਰ ਜਾਣ ਵਾਲੇ ਰਸਤੇ ਉੱਪਰ ਵਾਰਡ ਨੰਬਰ ਇੱਕ ਵਿੱਚ ਪਹੁੰਚਿਆ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਕੇ ਪਿਸਤੌਲ ਦਿਖਾ ਕੇ ਉਸ ਦੀ ਐਕਟਿਵਾ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਪਰ ਐੱਸਐੱਚਓ ਥਾਣਾ ਜੰਡਿਆਲਾ ਗੁਰੂ ਅਮੋਲਕ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਅੱਜ ਛੁੱਟੀ ’ਤੇ ਹਨ, ਸ਼ਿਕਾਇਤ ਨਹੀਂ ਲਿਖੀ ਜਾ ਸਕਦੀ। ਇਸ ਉਪਰੰਤ 112 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ।