ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਨਵੰਬਰ
ਬੀਤੇ ਕੱਲ ਸਥਾਨਕ ਲੋਕਲ ਬੱਸ ਸਟੈਂਡ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਨਿੱਜੀ ਫਾਇਨਾਂਸ ਕੰਪਨੀ ਦੇ ਕਰਿੰਦੇ ਕੋਲੋਂ ਪੈਸਿਆਂ ਵਾਲਾ ਬੈਗ, ਜਿਸ ਵਿੱਚ ਢਾਈ ਲੱਖ ਰੁਪਏ ਸਨ, ਖੋਹ ਲਿਆ ਅਤੇ ਮੋਟਰਸਾਈਕਲ ਉੱਪਰ ਫ਼ਰਾਰ ਹੋ ਗਏ। ਹਫੜਾ-ਦਫੜੀ ਵਿੱਚ ਵਾਰਦਾਤ ਕਰਕੇ ਭੱਜੇ ਜਾਂਦੇ ਲੁਟੇਰਿਆਂ ਦਾ ਮੋਟਰਸਾਈਕਲ ਇਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ। ਟੱਕਰ ਹੋਣ ਉਪਰੰਤ ਲੁਟੇਰੇ ਆਪਣਾ ਮੋਟਰਸਾਈਕਲ ਪੀਬੀ 02 ਟੂ ਡੀਐਕਸ 0486 ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ। ਜਾਂਚ ਵਿਚ ਪਤਾ ਲੱਗਾ ਕਿ ਇਹ ਮੋਟਰਸਾਈਕਲ ਸਰਬਜੀਤ ਸਿੰਘ ਵਾਸੀ ਪਿੰਡ ਗਹਿਰੀ ਮੰਡੀ ਦਾ ਹੈ। ਲੁਟੇਰਿਆਂ ਦੀ ਟੱਕਰ ਹੋਣ ਮੌਕੇ ਕਾਫ਼ੀ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ਼ ਵੀ ਮਿਲੀ ਹੈ ਪਰ ਸਥਾਨਕ ਪੁਲੀਸ ਨੇ ਖਾਨਾਪੂਰਤੀ ਕਰਦਿਆਂ ਹੋਇਆਂ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਖਾਨਾਪੂਰਤੀ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਐੱਸਐੱਚਓ ਜੰਡਿਆਲਾ ਗੁਰੂ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਜਾਂਚ ਚੱਲ ਰਹੀ ਹੈ। ਇਸ ਸੰਬੰਧੀ ਜਦੋਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਰਾਕੇਸ਼ ਕੌਸ਼ਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ।