ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 28 ਅਕਤੂਬਰ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਦੇ ਵਾਸੀ ਮਨਿੰਦਰ ਸਿੰਘ ਨੇ ਪਿੰਡ ਦੇ ਸਰਪੰਚ ਅਤੇ ਦੋ ਹੋਰਾਂ ਉੱਤੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ।
ਇਸ ਸਬੰਧੀ ਹਲਫ਼ੀਆ ਬਿਆਨ ਦਿੰਦਿਆਂ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਪਿੰਡ ਦੇ ਸਰਪੰਚ ਸਰਦਾਰ ਸਿੰਘ ਉਸ ਦੇ ਲੜਕੇ ਲਵਪ੍ਰੀਤ ਸਿੰਘ ਸਮੇਤ ਜਗਦੀਪ ਸਿੰਘ ਵਾਸੀ ਮਾਨਸਾ ਨੇ ਉਸ ਨੂੰ ਐੱਫਸੀਆਈ ਵਿੱਚ ਸੁਪਰਵਾਈਜ਼ਰ ਦੀ ਪੱਕੀ ਨੌਕਰੀ ਦਿਵਾਉਣ ਲਈ 10 ਲੱਖ ਰੁਪਏ ਨਕਦ ਦੇਣ ਦੀ ਸ਼ਰਤ ਰੱਖੀ। ਉਸ ਨੇ ਦੱਸਿਆ ਕਿ ਇਹ ਸ਼ਰਤ ਪੂਰੀ ਕਰਦਿਆਂ ਉਸ ਨੇ ਸਰਦਾਰ ਸਿੰਘ ਦੇ ਕਹਿਣ ਉੱਤੇ ਸ਼ੀਨਾ ਵਾਸੀ ਦਿੱਲੀ, ਹਰੀਸ਼ ਕਸ਼ਯਪ ਅਤੇ ਮੁਨੀਸ਼ ਸਰੂਪ ਵਾਸੀ ਗਾਜ਼ੀਆਬਾਦ ਦੇ ਖਾਤਿਆਂ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਪਰ ਇਕ ਸਾਲ ਬੀਤ ਜਾਣ ਬਾਅਦ ਵੀ ਉਨ੍ਹਾਂ ਨੇ ਉਸ ਨੂੰ ਕੋਈ ਨੌਕਰੀ ਨਹੀਂ ਦਵਾਈ ਗਈ।
ਉਸ ਨੇ ਦੱਸਿਆ ਕੇ ਹੁਣ ਜਦੋਂ ਉਸ ਨੇ 10 ਲੱਖ ਰੁਪਏ ਦੀ ਰਕਮ ਵਾਪਸ ਮੰਗੀ ਤਾਂ ਸਰਦਾਰ ਸਿੰਘ ਅਤੇ ਉਸ ਦਾ ਪੁੱਤਰ ਲਵਪ੍ਰੀਤ ਸਿੰਘ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਸ ਸਬੰਧੀ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ ਗੁਰਦਾਸਪੁਰ ਨੂੰ ਵੀ ਦਿੱਤੀ ਹੈ। ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਉੱਚ ਅਧਿਕਾਰੀਆਂ ਅੱਗੇ ਅਪੀਲ ਕੀਤੀ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਯੋਗ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸਰਪੰਚ ਸਰਦਾਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮਨਿੰਦਰ ਸਿੰਘ ਨੇ 10 ਲੱਖ ਰੁਪਏ ਦੀ ਰਕਮ ਉਸ ਨੂੰ ਨਹੀਂ ਦਿੱਤੀ ਸਗੋਂ ਕਿਸੇ ਹੋਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਹੈ। ਉਸ ਦੇ ਪੁੱਤਰ ਨੇ ਵੀ ਸਾਢੇ ਦਸ ਲੱਖ ਰੁਪਏ ਦੀ ਰਕਮ ਨੌਕਰੀ ਲੈਣ ਲਈ ਕਿਸੇ ਨੂੰ ਦਿੱਤੀ ਸੀ ਪਰ ਉਨ੍ਹਾਂ ਦੇ ਲੜਕੇ ਨੂੰ ਵੀ ਕੋਈ ਨੌਕਰੀ ਨਹੀਂ ਮਿਲੀ ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਵੀ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ। ਐੱਸਐੱਸਪੀ ਗੁਰਦਾਸਪੁਰ ਨੇ ਕਿਹਾ ਕਿ ਉਹ ਇਸ ਮਾਮਲੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਯੋਗ ਕਾਰਵਾਈ ਕਰਵਾਉਣਗੇ।