ਖੇਤਰੀ ਪ੍ਰਤੀਨਿਧ
ਬਟਾਲਾ, 30 ਜੂਨ
‘ਆਪ’ ਦੇ ਸੀਨੀਅਰ ਆਗੂ ਦੀ ਦੂਜੇ ਧੜੇ ਦੇ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ। ਪੀੜਤ ਤਰਲੋਕ ਸਿੰਘ ਭਾਗੋਵਾਲ ਅੱਜ ਸਾਥੀਆਂ ਸਣੇ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੂੰ ਮਿਲੇ ਤੇ ਇਨਸਾਫ਼ ਦੀ ਮੰਗ ਕੀਤੀ। ਐੱਸਐੱਸਪੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਭਾਗੋਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਐਡਵਾਂਸ ਟੀਮ ਦੇ ਕੋਆਰਡੀਨੇਟਰ ਹਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਲਕੇ ਦੇ ਪਿੰਡ ਬੱਲਪੁਰੀਆਂ ਵਿੱਚ ਆਪਣੇ ਸਾਥੀ ਦੇ ਘਰ ਗਏ ਸਨ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਹਲਕਾ ਇੰਚਾਰਜ ਦੇ ਹਮਾਇਤੀਆਂ ਨੇ ਉਨ੍ਹਾਂ ਨੂੰ ਇੱਕ ਘਰ ਵਿੱਚ ਬੰਦ ਕਰ ਕੇ ਉਸ ਦੀ ਅਤੇ ਉਸ ਦੇ ਇੱਕ ਹੋਰ ਸਾਥੀ ਦੀ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ। ਥਾਣਾ ਸਦਰ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਮਗਰੋਂ ਕਾਰਵਾਈ ਕੀਤੀ ਜਾਵੇਗੀ।