ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਮਈ
ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ 30 ਅਪਰੈਲ ਦੀ ਰਾਤ ਨੂੰ ਕਣਕ ਦੇ ਭਰੇ ਟਰਾਲੇ ਸਣੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਬੈਂਸ ਨੇ ਦੱਸਿਆ ਕਿ ਪਵਨ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ 30 ਅਪਰੈਲ ਰਾਤ ਨੂੰ ਜੋਧਾਂ ਦਾਣਾ ਮੰਡੀ ’ਚੋਂ ਕਣਕ ਦੀਆਂ 500 ਬੋਰੀਆਂ ਨਾਲ ਭਰਿਆ ਟਰਾਲਾ ਡਰਾਈਵਰ ਨੇ ਚਾਰਾ ਫੈਕਟਰੀ ’ਚ ਖੜ੍ਹਾ ਕੀਤਾ ਤੇ ਖ਼ੁਦ ਸੌਣ ਲਈ ਚਲਾ ਗਿਆ। ਅਗਲੀ ਸਵੇਰ ਕਰੀਬ 6 ਵਜੇ ਜਦੋਂ ਡਰਾਈਵਰ ਟਰਾਲਾ ਲੈਣ ਪੁੱਜਾ ਤਾਂ ਵਾਹਨ ਉੱਥੇ ਨਹੀਂ ਸੀ।
ਸੀਨੀਅਰ ਪੁਲੀਸ ਕਪਤਾਨ ਨੇ ਇਸ ਮਾਮਲੇ ਸਬੰਧੀ ਤਿੰਨ ਡੀਐਸਪੀ ਪਰਮਿੰਦਰ ਸਿੰਘ, ਸੰਦੀਪ ਵਡੇਰਾ ਅਤੇ ਜਤਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਥਾਣਾ ਸੀਆਈਏ ਦੇ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ’ਚ ਟੀਮ ਕਾਇਮ ਕੀਤੀ। ਇੰਸਪੈਕਟਰ ਕਿੱਕਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੁੱਜਰਵਾਲ ਤੋਂ ਸਰਾਭਾ ਮਾਰਗ ’ਤੇ ’ਤੇ ਨਾਕਾਬੰਦੀ ਕਰ ਕੇ ਰਾਜੂ ਸਾਹਨੀ ਵਾਸੀ ਬਿਹਾਰ, ਰਵਿੰਦਰ ਕੁਮਾਰ ਤੇ ਅਨਿਲ ਕੁਮਾਰ ਦੋਵੇਂ ਵਾਸੀ ਮੁਲਾਂਪੁਰ-ਦਾਖਾ ਨੂੰ ਹਿਰਾਸਤ ’ਚ ਲੈ ਲਿਆ। ਮੁੱਢਲੀ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ 9 ਮਈ ਨੂੰ ਟਰਾਲ ਸਮੇਤ 450 ਬੋਰੀਆਂ ਕਣਕ ਬਰਾਮਦ ਕਰਵਾ ਦਿੱਤੀਆਂ। ਸ੍ਰੀ ਬੈਂਸ ਨੇ ਦੱਸਿਆ ਕਿ ਚੋਰਾਂ ਦਾ ਇੱਕ ਸਾਥੀ ਗੋਪੀ ਵਾਸੀ ਝੁੱਗੀਆਂ ਮੁਲਾਂਪੁਰ ਦਾਖਾ ਦੀ ਸ਼ਮੂਲੀਅਤ ਬਾਰੇ ਪਤਾ ਲੱਗ ਗਿਆ ਹੈ, ਉਸ ਨੂੰ ਗ੍ਰਿਫ਼ਤਾਰ ਕਰ ਕੇ 50 ਬੋਰੀਆਂ ਬਰਾਮਦ ਕਰਨੀਆਂ ਬਾਕੀ ਹਨ।
ਡੀਐੱਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਹਿਰਾਸਤ ’ਚ ਲਏ ਮੁਲਜ਼ਮ ਰਵਿੰਦਰ ਕੁਮਾਰ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ’ਚ 8 ਕੇਸ ਦਰਜ, ਅਨਿਲ ਕੁਮਾਰ ਖ਼ਿਲਾਫ਼ ਇੱਕ ਕੇਸ ਦਰਜ ਹੈ।