ਜਗਤਾਰ ਸਿੰਘ ਛਿੱਤ
ਜੈਂਤੀਪੁਰ, 31 ਮਈ
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਰਸ਼ਦੀਪ ਸਿੰਘ ਦਾ ਕਸਬਾ ਜੈਂਤੀਪੁਰ ਪਹੁੰਚਣ ’ਤੇ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਮੱਥਾ ਟੇਕਣ ਤੋਂ ਬਾਅਦ ਕਸਬਾ ਜੈਂਤੀਪੁਰ ਵਿਖੇ ਆਪਣੀ ਮਾਸੀ ਪਰਮਜੀਤ ਕੌਰ ਸਰਪੰਚ ਕਸਬਾ ਜੈਂਤੀਪੁਰ ਅਤੇ ਮਾਸੜ ਗੁਰਮੀਤ ਸਿੰਘ ਬੱਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਪਾਖਰਪੁਰਾ ਨੂੰ ਮਿਲਣ ਲਈ ਇੱਥੇ ਪਹੁੰਚਿਆ, ਜਿਥੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਅਰਸ਼ਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਆਪਣੇ ਦੇਸ਼ ਦੀ ਟੀਮ ਲਈ ਖੇਡਣ ਦਾ ਮੌਕਾ ਮਿਲਿਆ ਹੈ ਅਤੇ ਜੇਕਰ ਇਸੇ ਤਰ੍ਹਾਂ ਮੌਕਾ ਮਿਲਦਾ ਰਿਹਾ ਤਾਂ ਮੈਂ ਪੰਜਾਬ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗਾ।’ ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਬੱਲ, ਸਰਪੰਚ ਪਰਮਜੀਤ ਕੌਰ, ਨਵਪ੍ਰੀਤ ਸਿੰਘ, ਗੁਰਪਿੰਦਰ ਸਿੰਘ ਬੱਲ,ਪਾਲ ਸਿੰਘ ਬੱਲ, ਮੰਗਲ ਦਾਸ ਚੌਧਰੀ, ਬੱਬਲੂ ਸ਼ਰਮਾ, ਰਵੀ ਸ਼ਰਮਾ ਹਰਪ੍ਰੀਤ ਸਿੰਘ ਹੈਪੀ, ਸੁਧੀਰ ਖੋਸਲਾ ਸਣੇ ਹੋਰ ਪਤਵੰਤੇ ਵੀ ਹਾਜ਼ਰ ਸਨ।