ਜਸਬੀਰ ਚਾਨਾ
ਫਗਵਾੜਾ, 26 ਜੂਨ
ਫਗਵਾੜਾ-ਜਲੰਧਰ ਸੜਕ ’ਤੇ ਹਵੇਲੀ ਲਾਗੇ ਕਬਾੜ ਦੇ ਸਟੋਰ ਨੂੰ ਅੱਗ ਲੱਗਣ ਕਾਰਨ ਅੱਜ ਤੜਕਸਾਰ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਅੰਦਰ ਸੁੱਤੇ ਦੋ ਵਿਅਕਤੀ ਝੁਲਸ ਗਏ ਹਨ ਜਿਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇੱਥੋਂ ਦੇ ਫ਼ਾਇਰ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਤੜਕਸਾਰ 3.15 ’ਤੇ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਟੀਮ ਸਮੇਤ ਪੁੱਜੀਆਂ ਜਿਸ ਨੂੰ ਲੰਬੀ ਜਦੋ ਜਹਿਦ ਮਗਰੋਂ ਸਵੇਰੇ 11 ਵਜੇ ਤੱਕ ਕਾਬੂ ਕੀਤਾ ਗਿਆ। ਅੱਗ ਦੌਰਾਨ ਇਸ ਵੱਡੇ ਗੁਦਾਮ ਦੀ ਸ਼ੈੱਡ ਵੀ ਹੇਠਾਂ ਡਿੱਗ ਪਈ। ਜੇਸੀਬੀ ਮਸ਼ੀਨਾਂ ਸੱਦ ਕੇ ਇਸ ਸ਼ੈੱਡ ਨੂੰ ਉੱਪਰ ਖਿੱਚ ਕੇ ਅੱਗ ਬੁਝਾਈ ਗਈ ਅਤੇ ਦੁਕਾਨ ਦੇ ਮਾਲਕ ਦੇ ਦੋ ਪੁੱਤਰ ਸੰਦੀਪ ਅਤੇ ਅਮਿਤ ਜੋ ਅੰਦਰ ਹੀ ਸੁੱਤੇ ਪਏ ਸਨ, ਝੁਲਸ ਗਏ ਅਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆ ਰਾਮਾਮੰਡੀ ਦੇ ਜੌਹਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਅੱਗ ਨੂੰ ਬੁਝਾਉਣ ਲਈ ਕਰੀਬ 15 ਗੱਡੀਆਂ ਫ਼ਾਇਰ ਬ੍ਰਿਗੇਡ ਨੂੰ ਬੁਲਾਉਣੀਆਂ ਪਈਆਂ। ਦੁਕਾਨ ਮਾਲਕ ਰਾਮ ਗੋਪਾਲ ਅਨੁਸਾਰ ਨੁਕਸਾਨ ਦਾ ਅਨੁਮਾਨ 20 ਤੋਂ 25 ਲੱਖ ਰੁਪਏ ਦੱਸਿਆ ਗਿਆ ਹੈ। ਚੌਂਕੀ ਇੰਚਾਰਜ ਦਰਸ਼ਨ ਸਿੰਘ ਦੀ ਟੀਮ ਨੇ ਵੀ ਮੌਕੇ ’ਤੇ ਪੁੱਜੀ।