ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ
ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਦੀ ਸਰਕਾਰ ਫਾਸ਼ੀਵਾਦੀ ਨੀਤੀ ਤੇ ਚੱਲ ਰਹੀ ਹੈ ਜਿਹੜਾ ਵੀ ਸਰਕਾਰ ਵਿਰੁੱਧ ਲਿਖਦਾ ਤੇ ਬੋਲਦਾ ਹੈ ਉਸ ਨੂੰ ਬਿਨਾਂ ਵਜ੍ਹਾ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਦੇਸ਼ ਦੇ ਕਈ ਬੁੱਧੀਜੀਵੀ ਅਤੇ ਉੱਚ ਚੋਟੀ ਦੇ ਪੱਤਰਕਾਰ ਜੇਲ੍ਹ ਦੀ ਚੱਕੀ ਪੀਸ ਰਹੇ ਹਨ।
ਇਤਿਹਾਸਕ ਸਥਾਨ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ’ਤੇ ਲੱਗਦੇ ਮੇਲੇ ਵਿੱਚ ਸੀਪੀਆਈ ਵੱਲੋਂ ਸਿਆਸੀ ਕਾਨਫਰੰਸ ਮੌਕੇ ਬੋਲਦਿਆਂ ਬੰਤ ਬਰਾੜ ਨੇ ਕਿਹਾ ਕਿ ਮੋਦੀ ਦੀ ਸਰਕਾਰ ਤੇ ਕਥਿਤ ਉਸ ਦੇ ਪਿੱਛੇ ਕੰਮ ਕਰ ਰਹੀ ਆਰਐੱਸਐੱਸ ਨੇ ਦੇਸ਼ ਵਿੱਚ ਫਿਰਕੂ ਜ਼ਹਿਰ ਘੋਲਿਆ ਹੋਇਆ ਹੈ। ਖ਼ਾਸ ਕਰਕੇ ਮੁਸਲਮਾਨ ਕਮਿਊੁਨਿਟੀ ਨੂੰ ਡਰਾ ਧਮਕਾ ਕੇ ਦੇਸ਼ ਵਿੱਚੋਂ ਬਾਹਰ ਕੱਢਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਮੋਦੀ ਸਰਕਾਰ ਇਸ ਕਰਕੇ ਕਰ ਰਹੀ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਜਾਇਦਾਦ ਲੁਟਾ ਦਿੱਤੀ ਜਾਵੇ। ਲਗਾਤਾਰ ਸਰਕਾਰੀ ਤੇ ਜਨਤਕ ਅਦਾਰੇ ਤੋੜ ਕੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਇੱਕ ਪਾਸੇ ਗ਼ਰੀਬ ਲੋਕ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ ਤੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੀਪੀਆਈ ਦੇ ਕਾਰਕੁਨਾਂ ਨੂੰ ਪਿੰਡਾਂ ਤੱਕ ਪਹੁੰਚ ਕਰਕੇ ਮੋਦੀ ਦੀ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ। ਸੀਪੀਆਈ ਦੇ ਸਾਬਕਾ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਕਿਸਾਨ ਸਭਾ ਦੇ ਆਗੂ ਬਲਕਾਰ ਸਿੰਘ ਵਲਟੋਹਾ ਨੇ ਆਖਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕੋਈ ਸਹੂੁਲਤ ਨਹੀਂ ਮਿਲੀ ਰਹੀ, ਖੱਬੀਆਂ ਪਾਰਟੀਆਂ ਵੱਲੋਂ ਜ਼ੋਰ ਦੇ ਕੇ ਬਣਵਾਇਆ ਮਨਰੇਗਾ ਕਾਨੂੰਨ ਸਰਕਾਰਾਂ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕਰ ਰਹੀਆਂ। ਇਸ ਕਨੂੰਨ ਵਿੱਚ ਵੱਡੇ ਘੁਟਾਲੇ ਹੋ ਰਹੇ ਹਨ।
ਦੇਸ਼ ਨੂੰ ਕਾਰਪੋਰੇਟ ਮੁਲਕ ਬਣਾਉਣਾ ਚਾਹੁੰਦੇ ਨੇ ਮੋਦੀ: ਮਹੇਸਰੀ
ਦੀਨਾਨਗਰ (ਪੱਤਰ ਪ੍ਰੇਰਕ): ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਸ਼ ਦੇ ਬਹੁ ਗਿਣਤੀ ਲੋਕਾਂ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਇਲਜ਼ਾਮ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਦੀ ਬਜਾਏ ਕਾਰਪੋਰੇਟ ਦੇਸ਼ ਬਣਾਉਣ ਵੱਲ ਕਦਮ ਵਧਾਇਆ ਜਾ ਰਿਹਾ ਹੈ। ਸ੍ਰੀ ਮਹੇਸਰੀ ਨੇ ਅੱਜ ਦੀਨਾਨਗਰ ਵਿਖੇ ਟਰੇਡ ਯੂਨੀਅਨ ਆਗੂ ਕਾਮਰੇਡ ਸੰਗਤ ਸਿੰਘ ਕਾਹਲੋਂ ਦੇ ਬਰਸੀ ਸਮਾਗਮ ਮੌਕੇ ਲੋਕਾਂ ਨੂੰ ਜਾਗਰੂਕ ਹੋਣ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਪਛਾਣਨ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਮੁੱਠੀ ਭਰ ਘਰਾਣੇ ਮੁਲਕ ’ਤੇ ਰਾਜ ਕਰਨਾ ਚਾਹੁੰਦੇ ਹਨ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਦੀਆਂ ਨੀਤੀਆਂ ਘੜ ਰਹੇ ਹਨ। ਵਿਦਿਆਰਥੀ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਿਰਫ਼ ਸਰਕਾਰ ਬਦਲੀ ਹੈ ਪਰ ਹਾਲੇ ਅਸਲ ਬਦਲਾਅ ਆਉਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਵੱਡਾ ਪ੍ਰੋਗਰਾਮ ਕਰਕੇ ਹਾਕਮਾਂ ਨੂੰ ਇਹ ਦੱਸਣ ਦਾ ਉਪਰਾਲਾ ਕੀਤਾ ਜਾਵੇਗਾ ਕਿ ਹਾਲੇ ਭਗਤ ਸਿੰਘ ਦੇ ਸੁਪਨਿਆਂ ਨੂੰ ਬੂਰ ਨਹੀਂ ਪਿਆ ਹੈ। ਸਮਾਗਮ ਨੂੰ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਗੁਲਜ਼ਾਰ ਸਿੰਘ ਬਸੰਤਕੋਟ, ਜ਼ਿਲ੍ਹਾ ਸਕੱਤਰ ਬਲਬੀਰ ਸਿੰਘ ਕੱਤੋਵਾਲ, ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸੰਤੋਖ ਸਿੰਘ ਸੰਘੇੜਾ, ਸੂਬਾਈ ਆਗੂ ਡਾ. ਗੁਰਚਰਨ ਗਾਂਧੀ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਕਾਮਰੇਡ ਸੰਗਤ ਸਿੰਘ ਕਾਹਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੁਲਾਰਿਆਂ ਨੇ ਕਾਮਰੇਡ ਸੰਗਤ ਸਿੰਘ ਕਾਹਲੋਂ ਦੀ ਪਾਰਟੀ ਅਤੇ ਲੋਕਾਂ ਪ੍ਰਤੀ ਸਮਰਪਿਤ ਭਾਵਨਾ ਦੀ ਪ੍ਰਸ਼ੰਸਾ ਕੀਤੀ।