ਮਕਬੂਲ ਅਹਿਮਦ
ਕਾਦੀਆਂ, 18 ਜੂਨ
ਕਾਦੀਆਂ ਥਾਣਾ ਅਧੀਨ ਆਉਂਦੇ ਪਿੰਡ ਮਸਾਣੀਆਂ ਵਿੱਚ ਇੱਕ ਪਿਤਾ ਰਿਵਾਲਵਰ ਲੈ ਕੇ ਆਪਣੇ ਸਾਥੀਆਂ ਨਾਲ ਆਪਣੀ ਨਾਰਾਜ਼ ਪਤਨੀ ਗੁਰਪਿੰਦਰ ਕੌਰ ਜੋ ਆਪਣੇ ਪੇਕੇ ਆ ਗਈ ਸੀ, ਕੋਲ ਪਹੁੰਚ ਗਿਆ। ਊਸਨੇ ਆਪਣੇ ਬੇਟੇ ਕੇਸਰਪਾਲ ਨੂੰ ਜ਼ਬਰਦਸਤੀ ਗੱਡੀ ’ਚ ਬਿਠਾ ਲਿਆ ਤੇ ਆਪਣੀ ਰਿਵਾਲਵਰ ਤੋਂ ਦੋ ਹਵਾਈ ਫ਼ਾਇਰ ਕੱਢ ਦਿੱਤੇ। ਲੋਕਾਂ ਦੇ ਇਕੱਠੇ ਹੋਣ ’ਤੇ ਊਹ ਬੇਟੇ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ। ਇੱਸ ਬਾਰੇ ਗੁਰਪਿੰਦਰ ਕੌਰ ਵਾਸੀ ਪਿੰਡ ਮਸਾਣੀਆਂ ਥਾਣਾ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਈਤ ਕੀਤੀ ਹੈ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਕਲੇਰ ’ਚ ਟੀਚਰ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਦੋ ਭੈਣਾਂ ਹਨ ਤੇ ਉਨ੍ਹਾਂ ਕੋਲ ਪਿਤਾ ਦੀ 5 ਕਿੱਲੇ ਜ਼ਮੀਨ ਪਿੰਡ ਮਸਾਣੀਆਂ ’ਚ ਹੈ। ਉਸਦਾ ਵਿਆਹ ਹਰਪ੍ਰੀਤ ਸਿੰਘ ਵਾਸੀ ਗੰਡੋਕੇ ਨਾਲ 11 ਸਾਲ ਪਹਿਲਾਂ ਹੋਇਆ ਸੀ। ਇੱਕ ਬੇਟੀ ਸੁਭਰੀਤ ਕੌਰ ਤੇ ਬੇਟਾ ਕੇਸਰਪਾਲ ਸਿੰਘ ਹੈ। ਵਿਆਹ ਦੇ ਕੁਝ ਅਰਸੇ ਬਾਅਦ ਉਸਦੇ ਪਤੀ ਹਰਪ੍ਰੀਤ ਸਿੰਘ ਨੇ ਜ਼ਮੀਨ ਦਾ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਇਨ੍ਹਾਂ ਦੀ ਆਪਸ ’ਚ ਅਣਬਨ ਹੋ ਗਈ। ਉਹ ਬੱਚਿਆਂ ਸਣੇ ਪੇਕੇ ਪਿੰਡ ਮਸਾਣੀਆਂ ਆ ਗਈ। ਉਸਦਾ ਪਤੀ ਉਸਦੇ ਪੁੱਤਰ ਕੇਸਰਪਾਲ ਸਿੰਘ ਨੂੰ ਪਿੰਡ ਮਸਾਣੀਆਂ ’ਚ ਆ ਕੇ ਚੁੱਕਣ ਲੱਗਾ ਪਰ ਉਸਦੇ ਘਰਦਿਆਂ ਦੇ ਰੋਕਣ ’ਤੇ ਬਚਾਅ ਹੋ ਜਾਂਦਾ ਰਿਹਾ। ਕੱਲ੍ਹ ਉਸਦਾ ਪੱਤੀ ਗਡੀ ਹੌਂਡਾ ਸੀਟੀ ’ਤੇ ਆਪਣੇ 4-5 ਸਾਥੀਆਂ ਨਾਲ ਉਸਦੇ ਘਰ ਪਹੁੰਚ ਗਿਆ। ਗੁਰਪਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਸਨੇ ਜ਼ਬਰਦਸਤੀ ਕੇਸਰਪਾਲ ਸਿੰਘ ਨੂੰ ਗੱਡੀ ’ਚ ਬਿਠਾ ਲਿਆ ਤਾਂ ਉਸਨੂੰ ਡਰਾਉਣ ਲਈ ਰਿਵਾਲਵਰ ਤੋਂ ਦੋ ਫ਼ਾਇਰ ਕਰ ਦਿੱਤੇ। ਇਸ ’ਤੇ ਲੋਕ ਇਕੱਠੇ ਹੋ ਗਏ ਜਿਸ ਕਾਰਨ ਮੁਲਜ਼ਮ ਬੱਚੇ ਨੂੰ ਗੱਡੀ ਤੋਂ ਉਤਾਰ ਕੇ ਸਾਥੀਆਂ ਸਣੇ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।