ਐੱਨਪੀ ਧਵਨ
ਪਠਾਨਕੋਟ, 23 ਨਵੰਬਰ
ਤਰਗੜ੍ਹ ਪਿੰਡ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ ਜਦ ਪਿੰਡ ਵਿੱਚ ਰਹਿਣ ਵਾਲੇ ਇੱਕ ਗੁੱਜਰ ਦੀਆਂ 12 ਮੱਝਾਂ ਅਚਾਨਕ ਬਿਮਾਰ ਹੋ ਗਈਆਂ ਅਤੇ ਹੌਲੀ-ਹੌਲੀ ਮਰ ਗਈਆਂ ਜਦ ਕਿ ਬਾਕੀ ਮੱਝਾਂ ਨੂੰ ਬਚਾਉਣ ਲਈ ਉਸ ਨੇ ਇਸ ਦੀ ਸੂਚਨਾ ਵੈਟਰਨਰੀ ਡਾਕਟਰ ਨੂੰ ਦਿੱਤੀ। ਜਿਸ ਦੇ ਚਲਦੇ ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਪੁੱਜ ਕੇ ਪਸ਼ੂਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਜੇ ਤਹਿਸੀਲਦਾਰ ਲਛਮਣ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ। ਫਿਲਹਾਲ ਡਾਕਟਰਾਂ ਵੱਲੋਂ ਬਾਕੀ ਮੱਝਾਂ ਜੋ ਬਿਮਾਰ ਹਨ, ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਰਾਜ ਕੁਮਾਰ ਸਿਹੋੜਾ ਵੀ ਪੁੱਜੇ ਅਤੇ ਉਨ੍ਹਾਂ ਗੁੱਜਰ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਬਾਰੇ ਮੱਝਾਂ ਦੇ ਮਾਲਕ ਗੁੱਜਰ ਨੇ ਦੱਸਿਆ ਕਿ ਉਸ ਨੇ ਸਵੇਰੇ ਮੱਝਾਂ ਨੂੰ ਦਾਣਾ ਚਾਰਾ ਪਾਇਆ ਸੀ ਅਤੇ ਬਾਅਦ ਵਿੱਚ ਉਸ ਨੇ ਉਨ੍ਹਾਂ ਨੂੰ ਪਾਣੀ ਪਿਆਇਆ ਪਰ ਬਾਅਦ ਵਿੱਚ ਮੱਝਾਂ ਤੜਪਨ ਲੱਗ ਗਈਆਂ। ਡਾਕਟਰਾਂ ਨੇ ਦੱਸਿਆ ਕਿ ਜਾਂਚ ਦੇ ਬਾਅਦ ਹੀ ਪਤਾ ਲੱਗੇਗਾ ਕਿ ਆਖਿ਼ਰ ਮੱਝਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ।