ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਅਗਸਤ
ਇੱਥੇ ਲੰਘੀ ਰਾਤ ਮਾਮੂਲੀ ਤਕਰਾਰ ਮਗਰੋਂ 22 ਸਾਲਾਂ ਦੇ ਨੌਜਵਾਨ ਦਾ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਕਾਤਲ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਕੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਨਾਨਕਸਰ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੀ ਬਰਸੀ ਦੇ ਸਮਾਗਮ ਚੱਲਦੇ ਹੋਣ ਕਾਰਨ ਇਲਾਕੇ ਦੇ ਪਿੰਡਾਂ ਦੀ ਸੰਗਤ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸ਼ੁਰੂ ਹੋਣ ਸਮੇਂ ਤੋਂ ਹੀ ਸੇਵਾ ਲਈ ਜਾਣਾ ਸ਼ੁਰੂ ਕਰ ਦਿੰਦੀ ਹੈ। ਇਸੇ ਤਹਿਤ ਪਿੰਡ ਕਮਾਲਪੁਰਾ ਦੀ ਸੰਗਤ ਨੂੰ ਲੈ ਕੇ ਲਵਪ੍ਰੀਤ ਸਿੰਘ (22) ਪੁੱਤਰ ਬਲਵੰਤ ਸਿੰਘ ਨਾਨਕਸਰ ਲਈ ਰਵਾਨਾ ਹੋਇਆ। ਦੇਰ ਰਾਤ ਕਰੀਬ 11-11:30 ਵਜੇ ਜਦੋਂ ਉਹ ਸੰਗਤ ਨੂੰ ਵਾਪਸ ਪਿੰਡ ਕਮਾਲਪੁਰਾ ਵੱਲ ਲੈ ਕੇ ਆ ਰਿਹਾ ਸੀ ਤਾਂ ਉਨ੍ਹਾਂ ਦੇ ਗੁਆਂਢੀ ਪਿੰਡ ਰੂੰਮੀ ਦਾ ਗੁਰਪ੍ਰੀਤ ਸਿੰਘ ਵੀ ਸੰਗਤ ਨੂੰ ਟਰਾਲੀ ਵਿੱਚ ਲੈ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਦੋਵੇਂ ਇੱਕ-ਦੂਸਰੇ ਤੋਂ ਟਰਾਲੀ ਅੱਗੇ-ਪਿੱਛੇ ਕਰ ਕੇ ਭਜਾਉਣ ਲੱਗੇ। ਗੁਰਪ੍ਰੀਤ ਸਿੰਘ ਰੂੰਮੀ ਨੇ ਜਗਰਾਉਂ-ਰਾਏਕੋਟ ਰੋਡ ’ਤੇ ਪੈਂਦੇ ਮੁਹੱਲਾ ਗਾਂਧੀ ਨਗਰ ਕੋਲ ਲਵਪ੍ਰੀਤ ਦੀ ਟਰਾਲੀ ਅੱਗੇ ਆਪਣਾ ਟਰੈਕਟਰ ਲਗਾ ਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਗੁੱਸੇ ਵਿੱਚ ਆਏ ਗੁਰਪ੍ਰੀਤ ਨੇ ਲਵਪ੍ਰੀਤ ਦੇ ਸਿਰ ਦੇ ਪਿਛਲੇ ਪਾਸੇ ਗਿੱਚੀ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਮਗਰੋਂ ਲਵਪ੍ਰੀਤ ਹੇਠਾਂ ਡਿੱਗ ਗਿਆ ਅਤੇ ਘਬਰਾਏ ਹੋਏ ਉਸ ਦੇ ਸਾਥੀ ਉਸਨੂੰ ਛੱਡ ਕੇ ਉੱਥੋਂ ਭੱਜ ਗਏ। ਗੁਰਪ੍ਰੀਤ ਸਿੰਘ ਵੀ ਲਵਪ੍ਰੀਤ ਨੂੰ ਉਸੇ ਹਾਲਤ ਵਿੱਚ ਤਫਪਦਾ ਛੱਡ ਕੇ ਆਪਣੀ ਟਰਾਲੀ ਲੈ ਕੇ ਪਿੰਡ ਰੂੰਮੀ ਨੂੰ ਚਲਾ ਗਿਆ। ਉਸ ਦੇ ਚਲੇ ਜਾਣ ਤੋਂ ਬਾਅਦ ਸੰਗਤ ’ਚੋਂ ਕਿਸੇ ਨੇ ਲਵਪ੍ਰੀਤ ਦੇ ਚਾਚਾ ਪਰਮਜੀਤ ਸਿੰਘ ਨੂੰ ਇਸ ਬਾਰੇ ਸੂਚਿਤ ਕੀਤਾ। ਘਟਨਾ ਸਥਾਨ ’ਤੇ ਪਹੁੰਚ ਕੇ ਪਰਮਜੀਤ ਸਿੰਘ ਨੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਏ ਲਵਪ੍ਰੀਤ ਨੂੰ ਚੁੱਕ ਕੇ ਇਲਾਜ ਲਈ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਪਹੁੰਚਾਇਆ ਜਿੱਥੇ ਲਵਪ੍ਰੀਤ ਦੀ ਮੌਤ ਹੋ ਗਈ। ਲਵਪ੍ਰੀਤ ਦੇ ਚਾਚਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਸ਼ਹਿਰੀ ਦੀ ਪੁਲੀਸ ਨੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਕੁੱਝ ਹੀ ਘੰਟਿਆਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।