ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਇੱਥੋਂ ਨੇੜਲੇ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਨੇ 63ਵੇਂ ਮੋਗਾ-ਫਿਰੋਜ਼ਪੁਰ ਜ਼ੋਨ-ਬੀ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਖੇਤਰੀ ਯੁਵਕ ਮੇਲੇ ਵਿੱਚ ਕੁੱਲ 10 ਕਾਲਜਾਂ ਨੇ ਭਾਗ ਲਿਆ। ਸੰਸਥਾ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਦੱਸਿਆ ਕਿ 17 ਵੱਖ-ਵੱਖ ਸਭਿਆਚਾਰਕ ਵੰਨਗੀਆਂ ਵਿੱਚ 47 ਭਾਗੀਦਾਰਾਂ ਨੇ ਭਾਗ ਲਿਆ ਅਤੇ ਕੁੱਲ 8 ਇਨਾਮ ਜਿੱਤੇ। ਯੁਵਕ ਮੇਲੇ ਵਿੱਚ ਅੰਗਰੇਜ਼ੀ ਸੁੰਦਰ ਲਿਖਾਈ ’ਚ ਬੀਐੱਸਸੀ ਸਮੈਸਟਰ ਪੰਜਵੇਂ ਦੀ ਹਰਸ਼ਦੀਪ ਕੌਰ ਅਤੇ ਹਿੰਦੀ ਸੁੰਦਰ ਲਿਖਾਈ ਵਿੱਚ ਬੀਐੱਸਸੀ ਸਮੈਸਟਰ ਪਹਿਲਾ ਦੀ ਸ਼ੁਭਾਂਗੀ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਮੀ ਹੇਕ ਵਾਲੇ ਗੀਤ (ਟੀਮ) ਅਤੇ ਪ੍ਰਸ਼ਨੋਤਰੀ (ਟੀਮ) ਨੇ ਦੂਸਰਾ ਸਥਾਨ ਅਤੇ ਮਨਜੋਤ ਕੌਰ ਨੇ ਲੋਕ-ਨਾਚ ਗਿੱਧੇ ਵਿੱਚ ਵਿਅਕਤੀਗਤ ਦੂਸਰਾ ਸਥਾਨ, ਲੋਕ-ਨਾਚ ਗਿੱਧਾ (ਟੀਮ), ਰੰਗੋਲੀ ’ਚ ਬੀਏ ਭਾਗ ਪਹਿਲਾ ਦੀ ਸਿਮਰਨਦੀਪ ਕੌਰ ਅਤੇ ਪੰਜਾਬੀ ਸੁੰਦਰ ਲਿਖਾਈ ਵਿੱਚ ਬੀਐੱਸਸੀ ਬੀਐੱਡ ਸਮੈਸਟਰ ਸੱਤਵੇਂ ਦੀ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।