ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਅਪਰੈਲ
ਗੁਰੂ ਅੰਗਦ ਦੇਵ ਵੈੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸਰਜਰੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੁੱਤਿਆਂ ਸਬੰਧੀ ਕੌਮੀ ਕਾਨਫਰੰਸ ‘ਇੰਡੀਅਨ ਵੈਟਐਕਸਪੋ-2021’ ਵਿਚ ਹਿੱਸਾ ਲਿਆ। ਇਸ ਕਾਨਫਰੰਸ ਵਿਚ ਸਰਜਰੀ ਵਿਭਾਗ ਦੇ ਐੱਮ.ਵੀ.ਐੱਸ.ਸੀ ਵਿਦਿਆਰਥੀ ਡਾ. ਟੀ.ਐੱਮ ਰਾਜਾਸੇਕਰਨ ਨੂੰ ‘ਪਗ ਨਸਲ ਦੇ ਕੁੱਤਿਆਂ ਦੀਆਂ ਅੱਖਾਂ ਦੇ ਡੇਲੇ ਉਤੇ ਕਾਲੀ ਝਿੱਲੀ ਦਾ ਅਪਰੇਸ਼ਨ ਰਾਹੀਂ ਇਲਾਜ’ ਵਿਸ਼ੇ ’ਤੇ ਪੇਸ਼ ਕੀਤੇ ਖੋਜ ਪੱਤਰ ਲਈ ‘ਯੁਵਾ ਵਿਗਿਆਨੀ ਪੁਰਸਕਾਰ’ ਨਾਲ ਸਨਮਾਨਿਆ ਗਿਆ। ਇਸ ਖੋਜ ਪੱਤਰ ਵਿਚ ਉਨ੍ਹਾਂ ਤੋਂ ਇਲਾਵਾ ਡਾ. ਸ਼ਸ਼ੀਕਾਂਤ ਮਹਾਜਨ ਅਤੇ ਡਾ. ਉਮੇਸ਼ਵਰੀ ਦੇਵੀ ਨੇ ਵੀ ਯੋਗਦਾਨ ਪਾਇਆ ਸੀ। ਡਾ. ਜਤਿੰਦਰ ਮਹਿੰਦਰੂ ਨੇ ਆਪਣਾ ਮੁਹਾਰਤ ਭਾਸ਼ਣ ‘ਕੁੱਤਿਆਂ ਦੀਆਂ ਹੱਡੀਆਂ, ਜੋੜਾਂ ਅਤੇ ਰੀੜ ਦੀ ਹੱਡੀ ਦੇ ਰੋਗਾਂ ਦੀ ਐਕਸਰੇਅ ਰਾਹੀਂ ਪਛਾਣ’ ਵਿਸ਼ੇ ’ਤੇ ਦਿੱਤਾ। ਇਹ ਕਾਨਫਰੰਸ ਆਤਮ-ਨਿਰਭਰ ਭਾਰਤ ਉਦੇਸ਼ ਤਹਿਤ ਪਾਲਤੂ ਜਾਨਵਰ ਭਲਾਈ ਸੁਸਾਇਟੀ, ਨਵੀਂ ਦਿੱਲੀ ਅਤੇ ਵੈਟਰਨਰੀ ਡਰਮਾਟੋਲੋਜੀ ਜਥੇਬੰਦੀ ਵਲੋਂ ਸਾਂਝੇ ਰੂਪ ਵਿਚ ਕਰਵਾਈ ਗਈ। ਇਸ ਕਾਨਫਰੰਸ ਵਿਚ ਮੁਲਕ ਭਰ ਤੋਂ 250 ਦੇ ਕਰੀਬ ਵੈਟਰਨਰੀ ਵਿਗਿਆਨੀ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਦੇ ਮੁਖੀ ਡਾ. ਨਵਦੀਪ ਸਿੰਘ ਨੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਪ੍ਰਾਪਤੀ ਲਈ ਖੋਜਾਰਥੀਆਂ ਨੂੰ ਵਧਾਈ ਦਿੱਤੀ।